ਪੈਰਿਸ ‘ਚ ਮੈਗਜ਼ੀਨ ਦੇ ਦਫ਼ਤਰ ਉੱਤੇ ਹਮਲਾ, 12 ਦੀ ਮੌਤ

08_01_2015-7attack3aਇੱਕ ਹਮਲਾਵਰ ਦੇ ਆਤਮਸਮਰਪਣ ਦੀ ਖ਼ਬਰ
ਪੈਰਿਸ – 7 ਜਨਵਰੀ ਦਿਨ ਬੁੱਧਵਾਰ ਨੂੰ ਫਰਾਂਸ ਦੀ ਹਫ਼ਤਾਵਾਰੀ ਵਿਅੰਗਮਈ ਮੈਗਜ਼ੀਨ ‘ਚਾਰਲੀ ਹੇਬਦੋ’ ਦੇ ਦਫ਼ਤਰਾਂ ‘ਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ 12 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਖ਼ਬਰ ਅਨੁਸਾਰ ਤਿੰਨ ਹਮਲਾਵਰ ਕਲਾਸ਼ਨੀਕੋਵ ਰਾਈਫਲਾਂ ਤੇ ਰਾਕੇਟ ਲਾਂਚਰ ਲੈ ਕੇ ਸੈਂਟਰਲ ਪੈਰਿਸ ਸਥਿਤ ਮੈਗਜ਼ੀਨ ਦੀ ਇਮਾਰਤ ‘ਚ ਵੜੇ ਅਤੇ 10 ਪੱਤਰਕਾਰਾਂ ਤੇ 2 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਤੇ ੧੦ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਵਿਚੋਂ 5 ਦੀ ਹਾਲਤ ਗੰਭੀਰ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਜਾਰੀ ਹੈ ਗੌਰਤਲਬ ਹੈ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ਇਕ ਕਾਰ ਨੂੰ ਅਗ਼ਵਾ ਕਰ ਕੇ ਉਸ ‘ਚ ਭੱਜ ਗਏ। ਜਾਂਦੇ ਸਮੇਂ ਉਨ੍ਹਾਂ ਇਕ ਪੈਦਲ ਚਲ ਰਹੇ ਵਿਅਕਤੀ ਨੂੰ ਦਰੜ ਦਿੱਤਾ ਅਤੇ ਪੁਲਿਸ ਅਫ਼ਸਰਾਂ ‘ਤੇ ਵੀ ਗੋਲੀਆਂ ਚਲਾਈਆਂ।
ਪੁਲਿਸ ਨੇ ਕਿਹਾ ਕਿ ਨਕਾਬਪੋਸ਼ ਹਮਲਾਵਰਾਂ ਨੇ ਹਮਲੇ ਤੋਂ ਬਾਅਦ ਕਿਹਾ ‘ਅਸੀਂ ਪੈਗ਼ੰਬਰ ਦਾ ਬਦਲਾ ਲੈ ਲਿਆ, ਅੱਲਾ ਹੂ ਅਕਬਰ’ ਦੇ ਨਾਹਰੇ ਲਾਏ। ਹਮਲੇ ‘ਚ ਰਸਾਲੇ ਦੇ ਮੁੱਖ ਸੰਪਾਦਕ ਸਟੀਫ਼ਨ ਚਾਰਬੋਨੀਅਰ (ਜਿਸ ਨੂੰ ਚਾਰਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ) ਅਤੇ ਕਾਰਟੂਨਿਸਟ ਕਾਬੂ ਟਿਗਨੋਸ ਅਤੇ ਵੋਲਿੰਸਕੀ ਵੀ ਮਾਰੇ ਗਏ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਘਟਨਾ ਵਾਲੀ ਥਾਂ ਪੁੱਜੇ ਤੇ ਉਨ੍ਹਾਂ ਨੇ ਕੈਬਨਿਟ ਦੀ ਹੰਗਾਮੀ ਮੀਟਿੰਗ ਸੱਦੀ ਹੈ। ਖ਼ਬਰ ਹੈ ਕਿ ਹਮਲੇ ਦੇ ਕਰਕੇ 20 ਮੁਸਲਿਮ ਦੇਸ਼ਾਂ ਵਿੱਚ ਫਰਾਂਸੀਸੀ ਕੌਂਸਲਖਾਨੇ ਤੇ ਸਭਿਆਚਾਰਕ ਕੇਂਦਰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਗੌਰਤਲਬ ਹੈ ਕਿ ਫਰਾਂਸ ਵਿੱਚ 40 ਸਾਲਾਂ ਬਾਅਦ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਹੈ।
ਜ਼ਿਕਰਯੋਗ ਹੈ ਕਿ ਡੈਨਿਸ਼ ਰੋਜ਼ਾਨਾ ਅਖ਼ਬਾਰ ਜੇਲੈਂਡਰਸ ਪੋਸਟਨ ਨੇ ‘ਪੈਗ਼ੰਬਰ ਮੁਹੰਮਦ ਸਾਹਿਬ ਦੇ ਜੋ ਕਾਰਟੂਨ ਛਪਾ ਕੇ ਮੁਸਲਿਮ ਜਗਤ ਦਾ ਗ਼ੁੱਸਾ ਸਹੇੜਿਆ ਸੀ, ਫਰਵਰੀ 2006 ‘ਚ ਇਹੀ ਕਾਰਟੂਨ ਇਸ ਵਿਅੰਗਮਈ ਮੈਗਜ਼ੀਨ ਚਾਰਲੀ ਹੇਬਦੋ ਨੇ ਮੁੜ ਛਾਪ ਦਿੱਤੇ ਸਨ, ਜਿਸ ਨੂੰ ਇਸਲਾਮ ਵਿੱਚ ਬਹੁਤ ਬੁਰਾ ਮੰਨਿਆ ਜਾਂਦਾ ਹੈ। ਇਸ ਕਾਰਟੂਨ ਕਾਰਨ ਮੁਸਲਮਾਨਾਂ ਅੰਦਰ ਭਾਰੀ ਰੋਸ ਸੀ। ਨਵੰਬਰ 2001 ਵਿੱਚ ਇਸ ਦੇ ਦਫ਼ਤਰਾਂ ਵਿੱਚ ਗੋਲੀਬਾਰੀ ਅਤੇ ਬੰਬ ਧਮਾਕੇ ਕੀਤੇ ਗਏ ਸਨ।
ਇੱਕ ਹਮਲਾਵਰ ਦੇ ਆਤਮਸਮਰਪਣ ਦੀ ਖ਼ਬਰ
ਇੱਕ ਖ਼ਬਰ ਏਜੰਸੀ ਦੀ ਤਾਜ਼ਾ ਖ਼ਬਰ ਮੁਤਾਬਿਕ ਪੈਰਿਸ ‘ਚ ਮੈਗਜ਼ੀਨ ਦੇ ਦਫ਼ਤਰ ਉੱਤੇ ਹਮਲਾ ਕਰਨ ਵਾਲੇ ਤਿੰਨ ਅਤਿਵਾਦੀਆਂ ਵਿੱਚ ਦੋ ਭਰਾ ਸਨ। ਇਨ੍ਹਾਂ ਵਿਚੋਂ ਇੱਕ 18 ਸਾਲਾ ਹਮਲਾਵਰ ਮੋਰਾਦ ਨੇ ਆਤਮਸਮਰਪਣ ਕੀਤਾ ਦੱਸਿਆ ਜਾ ਰਿਹਾ ਹੈ।