ਪੌਂਟਿੰਗ ਨੇ ਨੌਜਵਾਨਾਂ ਲਈ ਰਾਹ ਛੱਡਿਆ

ਸਿਡਨੀ – ਆਸਟਰੇਲੀਆ ਦੇ ਸਾਬਕਾ ਕਪਤਾਨ 37 ਸਾਲਾ ਰਿਕੀ ਪੋਂਟਿੰਗ ਨੇ ਆਪਣੀ ਇਕ ਦਿਨਾ ਕ੍ਰਿਕਟ ਵਿੱਚ ਖ਼ਰਾਬ ਫਾਰਮ ਅਤੇ ਅਗਲੇ ਵਿਸ਼ਵ ਕੱਪ ਲਈ ਨਾ ਉਮੀਦ ਦੇ ਚੱਲਦੇ ਕ੍ਰਿਕਟ ਦੇ ਇਸ ਫਾਰਮੈਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਪਰ ਟੈਸਟ ਕ੍ਰਿਕਟ ਖੇਡਦੇ ਰਹਿਣ ਦੀ ਗੱਲ ਕਹੀ ਹੈ। ਭਾਰਤ-ਸ਼੍ਰੀਲੰਕਾ ਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਤਿਕੋਣੀ ਲੜੀ ਵਿੱਚੋਂ ਬਾਹਰ ਕੀਤੇ ਜਾਣ ਦੇ ਦੁਖੋ ਪੋਂਟਿੰਗ ਨੇ ਇਹ ਮੰਨ ਬਣਾਇਆ ਲੱਗਦਾ ਹੈ। ਜ਼ਿਕਰ ਯੋਗ ਹੈ ਕਿ ਰਿਕੀ ਪੋਂਟਿੰਗ ਨੇ ਆਪਣੀ ਕਪਤਾਨੀ ਵਿੱਚ ਆਸਟਰੇਲੀਆ ਨੂੰ 2 ਵਾਰ ਵਿਸ਼ਵ ਕ੍ਰਿਕਟ ਕੱਪ ਦਾ ਖ਼ਿਤਾਬ ਜਿਤਾਇਆ ਹੈ। ਇੱਥੇ ਰਿਕੀ ਪੋਂਟਿੰਗ ਨੇ ਇਹ ਗੱਲ ਮੰਨ ਲਈ ਕਿ ਇਕ ਦਿਨਾਂ ਕ੍ਰਿਕਟ ਵਿੱਚ ਉਸ ਦਾ ਕੈਰੀਅਰ ਲਗਭਗ ਸਮਾਪਤ ਹੋ ਚੁੱਕਾ ਹੈ। ਕਿਉਂਕਿ ਉਨ੍ਹਾਂ ਸਵੀਕਾਰ ਕੀਤਾ ਕਿ ਰਾਸ਼ਟਰੀ ਚੋਣ ਕਰਤਾ ਜਾਨ ਇਨਵੇਰਾਰਿਟੀ ਨਾਲ ਹੋਈ ਗੱਲਬਾਤ ਤੋਂ ਸਾਫ਼ ਹੈ ਕਿ ਮੈਂ ਇਕ ਦਿਨਾ ਮੈਚਾਂ ਲਈ ਫ਼ਿਟ ਨਹੀਂ ਹਾਂ ਅਤੇ 2015 ਵਿਸ਼ਵ ਕ੍ਰਿਕਟ ਕੱਪ ਲਈ ਟੀਮ ਦਾ ਹਿਸਾ ਨਹੀਂ ਬਣ ਸਕਦਾ। ਪੌਂਟਿੰਗ ਨੇ ਕਿਹਾ ਕਿ ਜਾਨ ਨੇ ਮੈਨੂੰ ਸਪੱਸ਼ਟ ਰੂਪ ਵਿੱਚ ਕਿਹਾ ਕਿ ਉਹ ਇਕ ਦਿਨਾ ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਨਹੀਂ ਹਾਂ, ਸਾਨੂੰ ਨੌਜਵਾਨ ਖਿਡਾਰੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਹੁਣ ਆਸਟਰੇਲੀਆ ਵੱਲੋਂ ਇਕ ਦਿਨਾ ਕੌਮਾਂਤਰੀ ਕ੍ਰਿਕਟ ਖੇਡਣ ਦੀ ਆਸ ਘਟ ਹੀ ਹੈ। ਕਿਉਂਕਿ ਤਿਕੋਣੀ ਲੜੀ ਦੇ ਵਿੱਚੋਂ ਕੱਢਿਆ ਜਾਣਾ ਹੀ ਸੰਕੇਤ ਹੈ। ਪਰ ਪੌਂਟਿੰਗ ਨੇ ਹਾਲੇ ਇਹ ਪੂਰੀ ਤਰ੍ਹਾਂ ਨਾਲ ਸਪਸ਼ਟ ਨਹੀਂ ਕੀਤਾ ਕਿ ਉਹ ਇਕ ਦਿਨਾ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹੈ ਜਾਂ ਨਹੀਂ।
ਪੋਂਟਿੰਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਸ ਨੇ ਕ੍ਰਿਕਟ ਵਿੱਚੋਂ ਪੂਰੀ ਤਰ੍ਹਾਂ ਨਾਲ ਸੰਨਿਆਸ ਲੈਣ ਦਾ ਮੰਨ ਨਹੀਂ ਬਣਾਇਆ ਹੈ ਇਸ ਲਈ ਟੈਸਟ ਕ੍ਰਿਕਟ ਖੇਡਦਾ ਰਹਾਂਗਾ। ਉਨ੍ਹਾਂ ਕਿਹਾ ਕਿ 2013 ਵਿੱਚ ਇੰਗਲੈਂਡ ਨਾਲ ਹੋਣ ਵਾਲੀ ਏਸ਼ਿਜ਼ ਲੜੀ ਖੇਡਣ ਦੀ ਆਸ ਹੈ। ਟੈਸਟ ਮੈਚਾਂ ਵਿੱਚ ਹਾਲ ਉਸ ਦੀ ਸਰਦਾਰੀ ਕਾਇਮ ਹੈ ਜਿਸ ਦੀ ਤਾਜ਼ਾ ਮਿਸਾਲ ਭਾਰਤ ਵਿਰੁੱਧ ਟੈਸਟ ਸੀਰੀਜ਼ ਵਿੱਚ ਕੀਤਾ ਚੰਗਾ ਪ੍ਰਦਰਸ਼ਨ ਹੈ। ਪੌਂਟਿੰਗ ਨੇ ਭਾਰਤ ਵਿਰੁੱਧ ਟੈਸਟ ਲੜੀ ਵਿੱਚ 2 ਸੈਂਕੜੇ ਤੇ 3 ਅਰਧ ਸੈਂਕੜਿਆਂ ਦੀ ਮਦਦ ਨਾਲ 108.80 ਦੀ ਔਸਤ ਨਾਲ 544 ਦੌੜਾਂ ਬਣਾਈਆਂ ਸਨ। ਇਸੇ ਦੌਰਾਨ ਉਹ ਤਿਕੋਣੀ ਸੀਰੀਜ਼ ਵਿੱਚ 5 ਪਾਰੀਆਂ ਦੌਰਾਨ 3.6 ਦੀ ਔਸਤ ਨਾਲ ਸਿਰਫ਼ 18 ਦੌੜਾਂ ਹੀ ਬਣਾ ਸਕਿਆ। ਉਸ ਨੇ ਆਪਣੇ ਇਕ-ਰੋਜ਼ਾ ਕੈਰੀਅਰ ਵਿੱਚ 375 ਮੈਚਾਂ ਦੌਰਾਨ 42.03 ਦੀ ਔਸਤ ਨਾਲ ਕੁੱਲ 13704 ਦੌੜਾਂ ਬਣਾਈਆਂ ਹਨ ਅਤੇ ਵਿਸ਼ਵ ਅੰਦਰ ਸਭ ਨਾਲੋਂ ਵੱਧ ਦੌੜਾਂ ਦੀ ਸੂਚੀ ਵਿੱਚ ਸਚਿਨ ਤੇਂਦੁਲਕਰ ਤੋਂ ਬਾਅਦ ਉਹ ਦੂਜੇ ਨੰਬਰ ‘ਤੇ ਹੈ। ਗੌਰਤਲਬ ਹੈ ਕਿ ਟੀ20 ਮੈਚਾਂ ‘ਚੋਂ ਰਿਕੀ ਪੋਂਟਿੰਗ ਪਹਿਲਾਂ 2009 ਵਿੱਚ ਹੀ ਸਨਿਆਸ ਲੈ ਚੁੱਕਾ ਹੈ। ਇਸ ਨਾਲ ਰਿਕੀ ਦਾ ਸਿਮਤ ਔਵਰਾਂ ਦੀ ਖੇਡ ਦੇ ਫਾਰਮੈਟ ਦਾ ਕੈਰੀਅਰ ਖ਼ਤਮ ਹੋ ਗਿਆ ਹੈ।