ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਚੋਣ ਦਫ਼ਤਰ ‘ਤੇ ਕੀਤੇ ਸੋਰਡ (ਤਲਵਾਰ) ਹਮਲੇ ‘ਚ ਪੁਲਿਸ ਨੇ ਮਹਿਲਾ ਨੂੰ ਗ੍ਰਿਫ਼ਤਾਰੀ ਕੀਤਾ

ਆਕਲੈਂਡ, 27 ਅਕਤੂਬਰ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਮਾਊਂਟ ਅਲਬਰਟ ਵਿਖੇ ਸਥਿਤ ਵੋਟਰ ਦਫ਼ਤਰ ‘ਤੇ ਅੱਜ ਸਵੇਰੇ ਹੋਏ ਤਲਵਾਰ ਹਮਲੇ ਤੋਂ ਬਾਅਦ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ 57 ਸਾਲਾ ਮਹਿਲਾ ਕੋਟਸਵਿਲੇ ਦੇ ਪਤੇ ‘ਤੇ ਸਥਿਤ ਸੀ, ਜਿੱਥੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਹਿਲਾ ਨੂੰ ਅੱਜ ਪਹਿਲਾਂ ਨਿਊ ਨਾਰਥ ਰੋਡ ‘ਤੇ ਇੱਕ ਪਤੇ ‘ਤੇ ਜਾਣਬੁੱਝ ਕੇ ਨੁਕਸਾਨ ਕਰਨ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮਹਿਲਾ ਇਸ ਸਮੇਂ ਮਾਮਲੇ ਵਿੱਚ ਸਾਡੀ ਪੁੱਛਗਿੱਛ ਦੌਰਾਨ ਪੁਲਿਸ ਦੀ ਮਦਦ ਕਰ ਰਹੀ ਹੈ ਅਤੇ ਅਸੀਂ ਫ਼ਿਲਹਾਲ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ ਜਦੋਂ ਮੌਰਨਿੰਗਸਾਈਡ ਸਥਿਤ ਦਫ਼ਤਰ ਦੀ ਖਿੜਕੀ ਵਿੱਚੋਂ ਕੋਈ ਵਸਤੂ ਸੁੱਟੀ ਗਈ। ਬਾਅਦ ਵਿੱਚ ਨਿਊ ਨਾਰਥ ਰੋਡ ‘ਤੇ ਦਫ਼ਤਰ ਦੇ ਬਾਹਰ ਪਈ ਤਲਵਾਰ ਦੀ ਫ਼ੋਟੋ ਖਿੱਚੀ ਗਈ। ਪੁਲਿਸ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਇਮਾਰਤ ਉਸ ਸਮੇਂ ਖ਼ਾਲੀ ਸੀ।
ਪ੍ਰਧਾਨ ਮੰਤਰੀ ਦੇ ਆਕਲੈਂਡ ਬੇਸ ਦਫ਼ਤਰ ਨੂੰ ਤਲਵਾਰ ਨਾਲ ਭੰਨਣ ਤੋਂ ਬਾਅਦ ਇੱਕ ਟੁੱਟੀ ਹੋਈ ਖਿੜਕੀ ਦੇ ਨਾਲ ਛੱਡ ਦਿੱਤਾ ਗਿਆ ਸੀ। ਖ਼ਬਰ ਮੁਤਾਬਿਕ ਨਿਊਜ਼ੀਲੈਂਡ ਹੈਰਾਲਡ ਨਿਊਜ਼ ਰੂਮ ਨੂੰ ਇੱਕ ਕਾਲ ਵਿੱਚ ਇੱਕ ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਦਫ਼ਤਰ ਵਿੱਚ ਧੂੰਏਂ ਵਾਲਾ ਬੰਬ ਸੁੱਟਣ ਤੋਂ ਪਹਿਲਾਂ ਇੱਕ ਇੰਟਰਲਾਕਿੰਗ ਤਲਵਾਰ ਦੀ ਵਰਤੋਂ ਕੀਤੀ ਸੀ ਅਤੇ ਖਿੜਕੀ ਨੂੰ 10 ਵਾਰ ਤੋੜਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਸਿਹਤ ਅਤੇ ਰਹਿਣ-ਸਹਿਣ ਦੇ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਲੰਬੇ ਸਮੇਂ ਤੋਂ ਕੀਤੀਆਂ ਸ਼ਿਕਾਇਤਾਂ ਵਿੱਚ ਰੁੱਝੀ ਹੋਈ ਹੈ, ਜਿਨ੍ਹਾਂ ਨੂੰ ਵਾਰ-ਵਾਰ ਨਜ਼ਰ ਅੰਦਾਜ਼ ਕੀਤਾ ਗਿਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਘਟਨਾ ਤੋਂ ਪਹਿਲਾਂ ਸਟਾਫ਼ ਨੂੰ ਚੇਤਾਵਨੀ ਦਿੱਤੀ ਸੀ।