ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ

ਅਯੁੱਧਿਆ, 6 ਅਗਸਤ – ਹਿੰਦੂ ਧਰਮ ਵਿੱਚ 5 ਅਗਸਤ ਦਾ ਦਿਨ ਇਤਿਹਾਸਕ ਸਾਬਤ ਹੋ ਗਿਆ ਜਦੋਂ ਇੱਥੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਦੀ ਸਦੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਭਗਵਾਨ ਰਾਮ ਦੀ ਜਨਮ-ਭੂਮੀ ਇਸ ਦੀ ਹੋਂਦ ਨੂੰ ਖ਼ਤਮ ਕਰਨ ਲਈ ਕੀਤੀਆਂ ਗਈਆਂ ਕਈ ਕੋਸ਼ਿਸ਼ਾਂ ਤੋਂ ਆਜ਼ਾਦ ਹੋ ਗਈ ਹੈ। ਅਯੁੱਧਿਆ ਵਿੱਚ ਭਾਰਤ ਹੁਣ ਸ਼ਾਨਦਾਰ ਅਧਿਆਏ ਲਿਖ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸੁਨਹਿਰੀ ਰਵਾਇਤੀ ਧੋਤੀ-ਕੁੜਤਾ ਪਹਿਨ ਕੇ ਅਯੁੱਧਿਆ ਆਏ ਨੇ ਗਲ ‘ਚ ਭਗਵਾਂ ਗਮਛਾ ਪਾਇਆ ਹੋਇਆ ਸੀ। ਆਪਣੇ 35 ਮਿੰਟ ਦੇ ਟੈਲੀਵਿਜ਼ਨ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਅਤੇ ਰਾਮ ਮੰਦਰ ਲਈ ਲੋਕਾਂ ਦੇ ਸਦੀਆਂ ਦੇ ਸੰਘਰਸ਼ ਨੂੰ ਜੋੜਦਿਆਂ ਕਿਹਾ ਕਿ ਸਾਰਾ ਭਾਰਤ ਖ਼ੁਸ਼ ਤੇ ਭਾਵੁਕ ਹੈ। ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਕੁਰਬਾਨੀਆਂ ਤੇ ਸੰਕਲਪਾਂ ਦੀ ਅਹਿਮੀਅਤ ਦੱਸਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ 15 ਅਗਸਤ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਤਰਜਮਾਨੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਲਿਖਿਆ ਹੀ ਨਹੀਂ, ਦੁਹਰਾਇਆ ਗਿਆ ਹੈ। ਮੰਦਰ ਲਈ ਹਰ ਕਿਸੇ ਨੇ ਪੱਥਰ, ਮਿੱਟੀ ਤੇ ਪਵਿੱਤਰ ਜਲ ਪਹੁੰਚਾਇਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਆਜ਼ਾਦੀ ਲਈ ਸੰਘਰਸ਼ ਦੌਰਾਨ ਦਲਿਤਾਂ-ਆਦਿਵਾਸੀਆਂ ਸਣੇ ਸਮਾਜ ਦੇ ਹਰੇਕ ਵਰਗ ਨੇ ਮਹਾਤਮਾ ਗਾਂਧੀ ਨੂੰ ਸਹਿਯੋਗ ਦਿੱਤਾ। ਮੋਦੀ ਨੇ ਕਿਹਾ ਕਿ ਸਾਲਾਂ-ਬੱਧੀ ਟੈਂਟ ਵਿੱਚ ਰਹੇ ਰਾਮਲੱਲਾ ਲਈ ਹੁਣ ਸ਼ਾਨਦਾਰ ਮੰਦਰ ਬਣ ਰਿਹਾ ਹੈ। ਵਿਰਾਸਤਾਂ ਤਬਾਹ ਕੀਤੀਆਂ ਗਈਆਂ, ਪਰ ਰਾਮ ਸਾਡੇ ਦਿਲਾਂ ਵਿੱਚ ਵੱਸਦੇ ਹਨ, ਸਾਡੀ ਵਿਰਾਸਤ ਦਾ ਮੁੱਢ ਹਨ।
ਉਨ੍ਹਾਂ ਕਿਹਾ ਕਿ ਸ਼ਾਨਦਾਰ ਮੰਦਰ ਸਾਡੇ ਵਿਰਸੇ, ਰੂਹਾਨੀ ਵਿਸ਼ਵਾਸਾਂ, ਕੌਮ ਦੀ ਰੂਹ ਤੇ ਮਨੁੱਖਤਾ ਦਾ ਵਰਤਮਾਨ ਪ੍ਰਤੀਕ ਹੈ ਤੇ ਇਨ੍ਹਾਂ ਨੂੰ ਉਤਸ਼ਾਹਿਤ ਕਰੇਗਾ। ਮੋਦੀ ਨੇ ਕਿਹਾ ਕਿ ‘ਰਾਮ ਸਾਰਿਆਂ ਦੇ ਸਾਂਝੇ ਹਨ ਤੇ ਸਾਰਿਆਂ ਦੇ ਅੰਦਰ ਹਨ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਮੁਲਕ ਨੂੰ ਜੋੜਨ ਦਾ ਜ਼ਰ੍ਹੀਆ ਹੈ। ‘ਭੂਮੀ ਪੂਜਨ’ ਸਮਾਗਮ ਮੌਕੇ ਹਾਜ਼ਰ 175 ਜਣਿਆਂ ‘ਚ ਆਰਐੱਸਐੱਸ ਮੁਖੀ ਮੋਹਨ ਭਾਗਵਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਕਈ ਸੰਤ ਹਾਜ਼ਰ ਸਨ। ਮੰਦਰ ਨਿਰਮਾਣ ‘ਆਪਸੀ ਸਨੇਹ ਤੇ ਭਾਈਚਾਰੇ’ ਨਾਲ ਕਰਨ ਦਾ ਸੱਦਾ ਦਿੰਦਿਆਂ ਮੋਦੀ ਨੇ ਭਗਵਾਨ ਰਾਮ ਨਾਲ ਜੁੜੀਆਂ ਕਦਰਾਂ-ਕੀਮਤਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਹਰ ਕਿਸੇ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਸਾਡੀ ਅਮੀਰ ਵਿਰਾਸਤ ਨੂੰ ਸਿੱਜਦਾ ਹੈ। ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਤੇ ਅੰਤ ਭਗਵਾਨ ਰਾਮ ਅਤੇ ਸੀਤਾ ਦੇ ਜ਼ਿਕਰ ਨਾਲ ਕੀਤਾ ਤੇ ‘ਸੀਆਵਰ ਰਾਮਚੰਦਰ ਕੀ ਜੈ’ ਅਤੇ ‘ਜੈ ਸੀਆ ਰਾਮ’ ਦਾ ਜਾਪ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਤੱਕ ਵਿਕਾਸ ਹਰ ਕਿਸੇ ਦੇ ਭਰੋਸੇ ਅਤੇ ਮਦਦ ਨਾਲ ਪਹੁੰਚੇਗਾ। ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਜਦ ਮਨੁੱਖਤਾ ਨੇ ਰਾਮ ਵਿੱਚ ਭਰੋਸਾ ਜਤਾਇਆ ਹੈ ਤਾਂ ਵਿਕਾਸ ਹੋਇਆ ਹੈ ਤੇ ਜਦ ਉਨ੍ਹਾਂ ਦੇ ਦੱਸੇ ਮਾਰਗ ਤੋਂ ਅਸੀਂ ਹਟੇ ਹਾਂ ਤਾਂ ਤਬਾਹੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਾਇਣ ਕਈ ਖ਼ਿੱਤਿਆਂ ਤੇ ਭਾਸ਼ਾਵਾਂ ਵਿੱਚ ਵੱਖ-ਵੱਖ ਢੰਗ ਨਾਲ ਲਿਖੀ ਗਈ ਹੈ ਤੇ ਰਾਮ ਕਈ ਮੁਲਕਾਂ ਵਿੱਚ ਪੂਜੇ ਜਾਂਦੇ ਹਨ। ਇੰਡੋਨੇਸ਼ੀਆ ਵਿੱਚ ਵੀ ਉਨ੍ਹਾਂ ਦੀ ਪੂਜਾ ਹੁੰਦੀ ਹੈ ਜਿੱਥੇ ਦੁਨੀਆ ਦੀ ਸਭ ਤੋਂ ਵੱਧ ਮੁਸਲਿਮ ਆਬਾਦੀ ਹੈ। ਇਸ ਤੋਂ ਪਹਿਲਾਂ ਮੋਦੀ ਅਯੁੱਧਿਆ ਪਹੁੰਚ ਕੇ ਹਨੂੰਮਾਨਗੜ੍ਹੀ ਨਤਮਸਤਕ ਹੋਏ ਤੇ ਮਗਰੋਂ ਮੰਦਰ ਉਸਾਰੀ ਵਾਲੀ ਥਾਂ ਗਏ।
ਪ੍ਰਧਾਨ ਮੰਤਰੀ ਮੋਦੀ ਨੇ ਕਰੀਬ 12.44 ‘ਤੇ ਨੀਂਹ ਪੱਥਰ ਰੱਖ ਦਿੱਤਾ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ, ਰਾਮ ਰਾਜ, ਰਾਮਚਰਿਤਮਾਨਸ ਦਾ ਜ਼ਿਕਰ ਕੀਤਾ। ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਕੋਰੋਨਾਵਾਇਰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਮਰਿਆਦਾ’ ਬਣੀ ਰਹਿਣੀ ਚਾਹੀਦੀ ਹੈ। ਮਹਾਂਮਾਰੀ ਦੇ ਟਾਕਰੇ ਲਈ ਵਿੱਥ ਬਰਕਰਾਰ ਰੱਖੀ ਜਾਵੇ ਤੇ ਮਾਸਕ ਪਹਿਨੇ ਜਾਣ।