ਪ੍ਰਧਾਨ ਮੰਤਰੀ ਮੋਦੀ ਵੱਲੋਂ ਪੀਐੱਮ-ਕਿਸਾਨ ਯੋਜਨਾ ਤਹਿਤ 12ਵੀਂ ਕਿਸ਼ਤ ਜਾਰੀ

ਨਵੀਂ ਦਿੱਲੀ, 17 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ-ਕਿਸਾਨ ਸਕੀਮ ਤਹਿਤ 11 ਕਰੋੜ ਯੋਗ ਕਿਸਾਨਾਂ ਲਈ 16,000 ਕਰੋੜ ਰੁਪੲੇ ਦੀ 12ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 12ਵੀਂ ਕਿਸ਼ਤ ਕੌਮੀ ਰਾਜਧਾਨੀ ਦੇ ਪੂਸਾ ਕੈਂਪਸ ਵਿੱਚ ਕਰਵਾਏ ਦੋ ਰੋਜ਼ਾ ‘ਪੀਐੱਮ ਕਿਸਾਨ ਸੰਮਾਨ ਸੰਮੇਲਨ 2022’ ਦੌਰਾਨ ਜਾਰੀ ਕੀਤੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪੀਐੱਮ-ਕਿਸਾਨ’ ਯੋਜਨਾ ਤਹਿਤ ਕਿਸਾਨਾਂ ਤੱਕ ਲਾਭ ਬਿਨਾਂ ਕਿਸੇ ਵਿਚੋਲੀਏ ਜਾਂ ਕਮਿਸ਼ਨ ਏਜੰਟ ਦੇ ਪਹੁੰਚ ਰਿਹਾ ਹੈ।
ਉਨ੍ਹਾਂ ਇਸ 12ਵੀਂ ਕਿਸ਼ਤ ਨੂੰ ਕਿਸਾਨਾਂ ਲਈ ਦੀਵਾਲੀ ਦਾ ਤੋਹਫ਼ਾ ਦੱਸਦਿਆਂ ਕਿਹਾ, ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਤਹਿਤ 16 ਹਜ਼ਾਰ ਕਰੋੜ ਰੁਪਏ ਦੀ ਇੱਕ ਹੋਰ ਕਿਸ਼ਤ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਜਾਰੀ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਇਹ ਪੈਸਾ ਹਾੜੀ ਦੀ ਫਸਲ ਬੀਜੇ ਜਾਣ ਤੋਂ ਪਹਿਲਾਂ ਕਿਸਾਨਾਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਇਸ ਕਿਸ਼ਤ ਨਾਲ ਯੋਗ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਹੁੁਣ ਤੱਕ 2.16 ਲੱਖ ਕਰੋੜ ਰੁਪਏ ਦੀ ਰਾਸ਼ੀ ਤਬਦੀਲ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਖੁਰਾਕੀ ਤੇਲ, ਖਾਦਾਂ ਤੇ ਕੱਚੇ ਤੇਲ ਦੀ ਦਰਾਮਦ ’ਤੇ ਹੋਣ ਵਾਲੇ ਖਰਚ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਟੈਕਸ ਭਰਨ ਵਾਲਿਆਂ ’ਤੇ ਬੋਝ ਪੈਂਦਾ ਹੈ। ਇਸ ਲਈ ਇਹ ਸਮਾਂ ਭਾਰਤ ਨੂੰ ਆਤਮ-ਨਿਰਭਰ ਬਣਾਉਣ ਤੇ ਦਰਾਮਦ ਦੀ ਨਿਰਭਰਤਾ ਘੱਟ ਕਰਨ ਲਈ ਮਿਸ਼ਨ ਮੋਡ ’ਚ ਕੰਮ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਆਤਮ ਨਿਰਭਰ ਹੋਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਬਰਾਮਦ ਕਰਨ ਵਾਲੇ ਦੇਸ਼ਾਂ ਦੀਆਂ ਸਮੱਸਿਆਵਾਂ ਦੇ ਚਲਦਿਆਂ ਭਾਰਤ ’ਤੇ ਇਸ ਦਾ ਬੁਰਾ ਅਸਰ ਪੈਂਦਾ ਹੈ ਜਿਵੇਂ ਕਿ ਰੂਸ ਤੇ ਯੂਕਰੇਨ ਵਿਚਾਲੇ ਜੰਗ ਛਿੜਨ ਨਾਲ ਹੋਇਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱੱਮ-ਕਿਸਾਨ) ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਾਲਾਨਾ 6000 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਸਕੀਮ ਦੀ ਸ਼ੁਰੂਆਤ ਫਰਵਰੀ 2019 ਵਿੱਚ ਕੀਤੀ ਗਈ ਸੀ। ਇਸ ਮੌਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੈਮੀਕਲਜ਼ ਤੇ ਫਰਟੀਲਾਈਜ਼ਰ ਮੰਤਰੀ ਮਨਸੁਖ ਮੰਡਾਵੀਆ ਵੀ ਮੌਜੂਦ ਸਨ।