ਪ੍ਰਧਾਨ ਮੰਤਰੀ ਵੱਲੋਂ ਅਲ ਨੂਰ ਮਸਜਿਦ ਵਿਖੇ ਬਣੇ ਸ਼ਰਧਾਂਜਲੀ ਸਮਾਰਕ ਦਾ ਉਦਘਾਟਨ

ਕ੍ਰਾਈਸਟਚਰਚ, 24 ਸਤੰਬਰ – ਇੱਥੇ ਦੀਆਂ ਦੋ ਮਸਜਿਦਾਂ ਉੱਤੇ ਪਿਛਲੇ ਸਾਲ ਦੀ 15 ਮਾਰਚ ਨੂੰ ਬੰਦੂਕਧਾਰੀ ਆਸਟਰੇਲੀਆ ਮੂਲ ਦੇ ਗੌਰੇ ਵੱਲੋਂ ਗੋਲੀਆਂ ਨਾਲ ਮਾਰੇ ੫੧ ਮੁਸਲਿਮ ਭਾਈਚਾਰੇ ਦੇ ਮ੍ਰਿਤਕਾਂ ਦੀ ਯਾਦ ਵਿੱਚ ਅਲ ਨੂਰ ਮਸਜਿਦ ਵਿਖੇ ਸ਼ਰਧਾਂਜਲੀ ਸਮਾਰਕ (Plaque) ਬਣਾਇਆ ਗਿਆ ਹੈ, ਜਿਸ ਦਾ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੈਗਨ ਵੁੱਡਸ, ਮੇਅਰ ਲਿਰੇਨ ਡੈਲਜੀਲ, ਇਮਾਮ ਗਾਮਾਲ ਫੌਦਾ, ਐਫਆਈਏ ਐਨਜ਼ੈੱਡ ਦੇ ਇਬਰਾਰ ਸ਼ੇਖ ਅਤੇ ਹੋਰ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।
ਅਲ ਨੂਰ ਮਸਜਿਦ ਦੇ ਇਮਾਮ ਗਾਮਾਲ ਫੌਦਾ ਨੇ ਨਵੇਂ ਕਾਨੂੰਨਾਂ ਦੀ ਮੰਗ ਕੀਤੀ ਹੈ ਜੋ ‘ਬੋਲਣ ਦੀ ਆਜ਼ਾਦੀ ਅਤੇ ਨਫ਼ਰਤ ਭਰੀ ਭਾਸ਼ਣ ਦੇ ਵਿਚਕਾਰ ਇੱਕ ਸਪਸ਼ਟ ਲਾਈਨ ਖਿੱਚੇ’। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਨੂੰ ਕਿਸੇ ਵੀ ਵਿਸ਼ਵਾਸ ਦੇ ਸਾਰੇ ਪੈਰੋਕਾਰਾਂ ਨੂੰ ਅਸਹਿਣਸ਼ੀਲਤਾ ਅਤੇ ਨਫ਼ਰਤ ਤੋਂ ਬਚਾਉਣ ਲਈ ਦੁਨੀਆ ਦੀ ਅਗਵਾਈ ਕਰਨ ਦੀ ਲੋੜ ਹੈ ਅਤੇ ਕਿਸੇ ਵੀ ਵਿਸ਼ਵਾਸ ਅਤੇ ਨਸਲ ਦੇ ਵਿਰੁੱਧ ਭੜਕਾਓ ਪ੍ਰਵਿਰਤੀ ਨੂੰ ਵਰਜਿਤ ਕਰਨ ਲਈ ਨਵਾਂ ਕਾਨੂੰਨ ਬਣਾਉਣ ਦੀ ਲੋੜ ਹੈ।
ਲੇਬਰ ਲੀਡਰ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਮੌਜੂਦਾ ਕਾਨੂੰਨਾਂ ਵਿੱਚ ਵੱਖ-ਵੱਖ ਪਛਾਣਾਂ ਵਾਲੇ ਲੋਕਾਂ ਨਾਲ ਹੁੰਦੇ ਨਫ਼ਰਤ ਭਰੇ ਭਾਸ਼ਣ ਅਤੇ ਵਿਤਕਰੇ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਪ੍ਰਬੰਧ ਹੈ, ਪਰ ਇਸ ਵਿੱਚ ਧਰਮ ਸ਼ਾਮਲ ਨਹੀਂ ਸੀ। ਮੇਰਾ ਵਿਚਾਰ ਹੈ ਕਿ ਇਸ ਨੂੰ ਬਦਲਣ ਦੀ ਜ਼ਰੂਰਤ ਹੈ ਅਤੇ ਇਹ ਸਾਡੀ ਯੋਜਨਾ ਹੋਵੇਗੀ ਜੇ ਸਾਨੂੰ ਦੁਬਾਰਾ ਸਰਕਾਰ ਬਣਾਉਣ ਦਾ ਮੌਕਾ ਮਿਲ ਦਾ ਹੈ। ਲੇਬਰ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਕਾਨੂੰਨ ਵਿੱਚ ਬਦਲਾਓ ਕਰਨ ਦੇ ਯੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਲੇਬਰ ਕ੍ਰਾਈਸਟਚਰਚ ਸਿਟੀ ਕੌਂਸਲ, ਮੁਸਲਿਮ ਭਾਈਚਾਰੇ ਅਤੇ ਆਈਡਬਲਯੂਆਈ (iwi) ਦੇ ਨਾਲ 15 ਮਾਰਚ ਦੇ ਹਮਲਿਆਂ ਲਈ ਯਾਦਗਾਰ ਬਣਾਉਣ ਦੇ ਵਿਕਲਪਾਂ ਦੇ ਨਾਲ ਵੀ ਕੰਮ ਕਰੇਗੀ।