ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦਾ ਸੰਘਰਸ਼ ਰੰਗ ਲਿਆਇਆ, ਬਿਨਾ ਪੱਗ ਦੀ ਤਲਾਸ਼ੀ ਦਿੱਤੇ ਇਟਲੀ ਤੋਂ ਨਿਕਲੇ

ਸੰਸਾਰ ਭਰ ਦੇ ਸਿੱਖਾਂ ਦਾ ਦਿੱਲੀ ਕਮੇਟੀ ਵਲੋਂ ਧੰਨਵਾਦ
ਨਵੀਂ ਦਿੱਲੀ, 8 ਅਗਸਤ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੇ ਨਾਲ ਗਏ ਵਫ਼ਦ ਵਲੋਂ ਇਟਲੀ ਦੇ ਰੋਮ ਹਵਾਈ ਅੱਡੇ ‘ਤੇ ਬੀਤੇ ਦਿਨੀਂ ਪੱਗ ਲਾਹੁਣ ਦੇ ਸੁਰਖਿਆ ਅਧਿਕਾਰੀਆਂ ਵਲੋਂ ਦਿੱਤੇ ਗਏ ਹੁਕਮਾ ਨੂੰ ਨਾ ਮੰਨਦੇ ਹੋਏ ਆਪਣੀ ਦਸਤਾਰ ਦੇ ਸਤਿਕਾਰ ਨੂੰ ਬਚਾਉਣ ਵਾਸਤੇ ਲਗਭਗ 30 ਘੰਟੇ ਤਕ ਹਵਾਈ ਅੱਡੇ ‘ਤੇ ਲਾਏ ਮੋਰਚੇ ਕਾਰਣ ਇਟਲੀ ਦੇ ਸੁਰਖਿਆ ਅਧਿਕਾਰੀਆਂ ਨੂੰ ਆਖਰ ਵਿੱਚ ਸ. ਮਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਿਨਾ ਸੁਰਖਿਆ ਜਾਂਚ ਦੇ ਵੀ. ਆਈ. ਪੀ. ਲਾਉਂਜ਼ ਤੋਂ ਕੱਢਣ ਲਈ ਮਜਬੂਰ ਹੋਣਾ ਪਇਆ। ਕਲ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਟਲੀ ਦੂਤਘਰ ਅੱਗੇ ਕੀਤੇ ਗਏ ਰੋਸ ਮੁਜ਼ਾਹਿਰੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਮਸਲੇ ਦੀ ਗੰਭੀਰਤਾ… ਨੂੰ ਵੇਖਦੇ ਹੋਏ ਇਟਲੀ ਵਿਖੇ ਭਾਰਤੀ ਸਫ਼ਾਰਤਖ਼ਾਨੇ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਮੁੱਖ ਰਖ ਕੇ ਬਿਨਾ ਦਸਤਾਰ ਦੀ ਤਲਾਸ਼ੀ ਲਏ ਵਫ਼ਦ ਨੂੰ ਵਾਪਿਸ ਭਾਰਤ ਭੇਜਣ ਦੇ ਆਦੇਸ਼ ਦਿੱਤੇ ਜਿਸ ਤੋਂ ਬਾਅਦ ਭਾਰਤੀ ਅਤੇ ਇਟਲੀ ਦੇ ਅਧਿਕਾਰੀਆਂ ਨੇ ਮਿਲ ਕੇ ਇਸ ਮਸਲੇ ਦਾ ਦੇਰ ਰਾਤ ਹੱਲ ਕੱਢ ਲਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਇਟਲੀ ਦੇ ਅਧਿਕਾਰੀਆਂ, ਭਾਰਤੀਏ ਵਿਦੇਸ਼ ਮੰਤਰਾਲੇ ਅਤੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਵਲੋਂ ਦਸਤਾਰ ਦੇ ਇਸ ਮਸਲੇ ‘ਤੇ ਇਕਜੁਟੱਤਾ ਵਿਖਾਉਣ ਵਾਸਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਗੁਰੂ ਸਾਹਿਬ ਵਲੋਂ ਸਾਨੂੰ ਬਖਸ਼ੀ ਗਈ ਅਮੁੱਲੀ ਦਾਤ ਹੈ, ਜਿਸ ਨੂੰ ਸ਼ਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਇਟਲੀ ਵਿਖੇ ਪਹਿਲੇ ਵੀ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਦੀਆਂ ਕਈ ਘਟਨਾਵਾਂ ਸਾਹਮਣੇ ਚੁੱਕਿਆਂ ਹਨ ਜਿਸ ਦਾ ਸ਼ਿਕਾਰ 2011 ਤੋਂ ਲੈ ਕੇ ਹੁਣ ਤਕ ਕਈ ਸਿੱਖ ਹੋ ਚੁੱਕੇ ਹਨ ਤੇ ਸਾਡੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਇਨ੍ਹਾਂ ਹਰਕਤਾਂ ਤੋਂ ਭਲੀ ਪ੍ਰਕਾਰ ਜਾਣੂ ਸੀ ਤੇ ਉਨ੍ਹਾਂ ਨੇ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਸਿੱਖਾਂ ਨਾਲ ਕੀਤੇ ਜਾ ਰਹੇ ਇਸ ਗ਼ੈਰਮਾਨੁੱਖੀ, ਗ਼ੈਰਜ਼ਰੂਰੀ ਅਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਵਰਤਾਰੇ ਦਾ ਡੱਟ ਕੇ ਮੁਕਾਬਲਾ ਕਰਨ ਦਾ ਸੰਕਲਪ ਲਿਆ। ਸੰਸਾਰ ਭਰ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਅਰਦਾਸਾ ਸਦਕਾ ਇਟਲੀ ਦੇ ਸੁਰਖਿਆਂ ਅਧਿਕਾਰੀਆਂ ਨੂੰ ਆਖਿਰ ਵਿੱਚ ਸਿੱਖਾ ਵਾਸਤੇ ਪੱਗ ਦੀ ਅਹਿਮੀਅਤ ਬਾਰੇ ਜਾਣੂ ਹੋਣ ਲਈ ਮਜਬੂਰ ਹੋਣਾ ਪਇਆ।