ਪ੍ਰਮਾਣੂ ਮੁੱਦੇ ‘ਤੇ ਇਰਾਨ ਨਾਲ ਗੱਲਬਾਤ ਕਰਨ ਲਈ ਅਮਰੀਕਾ ਤਿਆਰ-ਜੋਅ ਬਾਇਡੇਨ

ਸੈਕਰਾਮੈਂਟੋ, ਕੈਲੀਫੋਰਨੀਆ 19 ਫਰਵਰੀ (ਹੁਸਨ ਲੜੋਆ ਬੰਗਾ) – ਬਾਇਡੇਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ 2015 ਦੇ ਪ੍ਰਮਾਣੂ ਸਮਝੌਤੇ ਸਬੰਧੀ ਗੱਲਬਾਤ ਵਿੱਚ ਸ਼ਾਮਿਲ ਵਿਸ਼ਵ ਦੇ ਹੋਰ ਦੇਸ਼ਾਂ ਸਮੇਤ ਇਰਾਨ ਨਾਲ ਪ੍ਰਮਾਣੂ ਮੁੱਦੇ ਉੱਪਰ ਗੱਲਬਾਤ ਕਰਨ ਲਈ ਤਿਆਰ ਹੈ। ਜੋਅ ਬਾਇਡੇਨ ਵੱਲੋਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਉਪਰੰਤ ਤਹਿਰਾਨ ਨਾਲ ਕੂਟਨੀਤਕ ਸਬੰਧਾਂ ਦੀ ਸੁਰਜੀਤੀ ਵੱਲ ਚੁੱਕਿਆ ਇਹ ਪਹਿਲਾ ਸਰਕਾਰੀ ਕਦਮ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਕਿਹਾ ਹੈ ਕਿ ਅਮਰੀਕਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਕੂਟਨੀਤਕ ਢੰਗ- ਤਰੀਕੇ ਸਬੰਧੀ ਪ੍ਰਮਾਣੂ ਸਮਝੌਤੇ ਉੱਪਰ ਦਸਤਖ਼ਤ ਕਰਨ ਵਾਲੇ ਦੇਸ਼ਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਯੂਰਪੀਅਨ ਯੂਨੀਅਨ ਦੇ ਚੋਟੀ ਦੇ ਕੂਟਨੀਤਕ ਅਧਿਕਾਰੀ ਵੱਲੋਂ ਦਿੱਤੇ ਜਾਣ ਵਾਲੇ ਸੰਭਾਵੀ ਸੱਦੇ ਨੂੰ ਪ੍ਰਵਾਨ ਕਰੇਗਾ। ਹਾਲਾਂ ਕਿ ਇਸ ਸਬੰਧੀ ਤਰੀਕ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ ਪਰੂੰਤ ਯੂਰਪੀ ਯੂਨੀਅਨ ਦੇ ਹਾਈ ਕਮਿਸ਼ਨਰ ਜੋਸਪ ਬੋਰੈਲ ਨੇ ਸੰਕੇਤ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਪ੍ਰਮਾਣੂ ਮੱਦੇ ‘ਤੇ ਗੱਲਬਾਤ ਵਿਚ ਸ਼ਾਮਿਲ ਧਿਰਾਂ ਨੂੰ ਸੱਦਿਆ ਜਾਵੇ। ਇੱਥੇ ਵਰਨਣਯੋਗ ਹੈ ਕਿ ਅਮਰੀਕਾ ਨੇ 2015 ਵਿਚ ਪ੍ਰਮਾਣੂ ਸਮਝੌਤੇ ਸਬੰਧੀ ਇਰਾਨ, ਚੀਨ, ਫਰਾਂਸ, ਜਰਮਨੀ, ਰੂਸ ਤੇ ਬਰਤਾਨੀਆ ਨਾਲ ਗੱਲਬਾਤ ਕੀਤੀ ਸੀ। ਵਿਦੇਸ਼ ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਆਪਣਾ ਨਾਂ ਨਾ ਨਸ਼ਰ ਕਰਨ ਦੀ ਸ਼ਰਤ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਮਾਣੂ ਮੁੱਦੇ ਉੱਪਰ ਗੱਲਬਾਤ ਵਿੱਚ ਬਾਇਡੇਨ ਦਾ ਇਰਾਨ ਵਿਚਲਾ ਵਿਸ਼ੇਸ਼ ਦੂਤ ਰਾਬ ਮਾਲੇ ਅਮਰੀਕੀ ਦੀ ਪ੍ਰਤੀਨਿਧਤਾ ਕਰੇਗਾ। ਇੱਥੇ ਵਰਨਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2018 ਵਿਚ ਪ੍ਰਮਾਣੂ ਸਮਝੌਤੇ ਵਿਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸਮਝੌਤਾ ਇਰਾਨ ਦੇ ਬਾਲਿਸਟਕ ਮਿਜ਼ਾਈਲ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਕਾਫ਼ੀ ਨਹੀਂ ਹੈ ਤੇ ਨਾ ਹੀ ਇਹ ਸਮਝੌਤਾ ਇਰਾਨ ਨੂੰ ਖ਼ਿੱਤੇ ਵਿਚ ਅੱਤਵਾਦੀ ਗਰੁੱਪਾਂ ਦਾ ਸਮਰਥਨ ਕਰਨ ਤੋਂ ਰੋਕ ਸਕਿਆ ਹੈ। ਰਾਸ਼ਟਰਪਤੀ ਬਾਇਡੇਨ ਇਰਾਨ ਨਾਲ ਹੋਇਆ ਪ੍ਰਮਾਣੂ ਸਮਝੌਤਾ ਮੁੜ ਬਹਾਲ ਕਰਨ ਦੇ ਹੱਕ ਵਿਚ ਹਨ। ਬਾਇਡੇਨ ਪ੍ਰਸ਼ਾਸਨ ਦੇ ਸਲਾਹਕਾਰ ਕਹਿ ਚੁੱਕੇ ਹਨ ਕਿ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਲੈਣ ਤੋਂ ਰੋਕਣ ਦੀ ਹੈ। ਇਸ ਦੇ ਨਾਲ ਹੀ ਬਾਇਡੇਨ ਤੇ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨੇ ਵਾਰ ਵਾਰ ਕਿਹਾ ਹੈ ਕਿ ਅਮਰੀਕਾ ਸਮਝੌਤੇ ਵਿਚ ਮੁੜ ਤਾਂ ਹੀ ਸ਼ਾਮਲ ਹੋਵੇਗਾ ਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਆਰਥਕ ਪਾਬੰਦੀਆਂ ਖ਼ਤਮ ਕਰੇਗਾ ਜੇਕਰ ਪਹਿਲਾਂ ਇਰਾਨ ਸਮਝੌਤੇ ਨੂੰ ਲਾਗੂ ਕਰਨ ਲਈ ਸਹਿਮਤ ਹੋਵੇਗਾ। ਇਰਾਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਆਰਥਕ ਪਾਬੰਦੀਆਂ ਉਪਰੰਤ 2019 ਵਿਚ ਸਮਝੌਤੇ ਨੂੰ ਤੋੜ ਦਿੱਤਾ ਸੀ ਤੇ ਸਮਝੌਤੇ ਵਿਚ ਨਿਰਧਾਰਿਤ ਸੀਮਾ ਤੋਂ ਵਧ ਉੱਚ ਪੱਧਰ ‘ਤੇ ਯੁਰੇਨੀਅਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ।