ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਦੇਹਾਂਤ

ਲੁਧਿਆਣਾ, 26 ਜੁਲਈ – “ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ”…ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਛਿੰਦਾ ਅੱਜ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਅੱਜ ਸਵੇਰੇ ਕਰੀਬ 6.30 ਵਜੇ ਲੁਧਿਆਣਾ ਦੇ ਡੀ.ਐਮ.ਸੀ. ਵਿਚ ਆਖਰੀ ਸਾਹ ਲਏ ਹਨ। ਗਾਇਕ ਦੀ ਮੌਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ। 64 ਸਾਲ ਦੇ ਪੰਜਾਬੀ ਗਾਇਕ ਤੇ ਅਦਾਕਾਰ ਸੁਰਿੰਦਰ ਛਿੰਦਾ ਨੇ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ 20 ਦਿਨਾਂ ਤੋਂ ਦਾਖ਼ਲ ਸਨ। ਦਸ ਦਈਏ ਕਿ ਆਪਣੀ ਸੁਰੀਲੀ ਆਵਾਜ਼ ਅਤੇ ਲੋਕ ਗੀਤ ਪੇਸ਼ ਕਰਨ ਦੇ ਵਿਲੱਖਣ ਅੰਦਾਜ ਲਈ ਜਾਣੇ ਜਾਂਦੇ ਸੁਰਿੰਦਰ ਛਿੰਦਾ ਨੇ ਕੁੱਝ ਦਿਨ ਪਹਿਲਾਂ ਹਸਪਤਾਲ ‘ਚ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਸ਼ਰੀਰ ‘ਚ ਇਨਫੈਕਸ਼ਨ ਵਧ ਗਈ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।
ਉਨ੍ਹਾਂ ਦਾ ਜਨਮ 20 ਮਈ, 1959 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ ‘ਚ ਹੋਇਆ ਸੀ। ਸੁਰਿੰਦਰ ਛਿੰਦਾ ਨੇ ਆਪਣੀ ਦਮਦਾਰ ਆਵਾਜ਼ ਨਾਲ ਪੰਜਾਬੀ ਸੰਗੀਤ ਉਦਯੋਗ ਵਿਚ ਅਮਿੱਟ ਛਾਪ ਛੱਡੀ ਹੈ। 1975 ਤੋਂ ਗਾਇਕੀ ਦਾ ਸਫ਼ਰ ਸ਼ੁਰੂ ਕਰ ਕੇ ਅਨੇਕਾਂ ਗੀਤ ਪੰਜਾਬੀਆਂ ਦੀ ਝੋਲੀ ਪਾਏ। ਉਨ੍ਹਾਂ ਆਪਣੀ ਵਿਲੱਖਣ ਗਾਇਕੀ ਦੀ ਸ਼ੈਲੀ ਨਾਲ ਸਰੋਤਿਆਂ ਨੂੰ ਮੋਹਿਆ ਸੀ।
ਉਨ੍ਹਾਂ ਨੇ ਸਾਲ 1981 ‘ਚ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀ ਵੱਖਰੀ ਆਵਾਜ਼ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ।
ਅਪਣੇ ਸੰਗੀਤ ਸਫ਼ਰ ਦੌਰਾਨ ਸੁਰਿੰਦਰ ਛਿੰਦਾ ਨੇ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਜਿਨ੍ਹਾਂ ਨੇ ਖ਼ੂਬ ਪ੍ਰਸਿੱਧੀ ਖੱਟੀ। “ਮਿਰਜ਼ਾ ਸਾਹਿਬਾ,” “ਪੁੱਤ ਜੱਟਾਂ ਦੇ,” “ਬਲਬੀਰੋ ਭਾਬੀ,” “ਜੱਟ ਜੀਓ ਮੋੜ” ਵਰਗੇ ਗੀਤਾਂ ਨੇ ਉਨ੍ਹਾਂ ਦੀ ਬੇਮਿਸਾਲ ਪ੍ਰਤਿਭਾ ਅਤੇ ਕਲਾ ਨੂੰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਦੇਹਾਂਤ ਨਾਲ ਪ੍ਰਵਾਰ, ਸੰਗੀਤ ਜਗਤ ਅਤੇ ਸਰੋਤਿਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

“ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ”… ਇਹ ਆਵਾਜ਼ ਹੁਣ ਸਦਾ ਲਈ ਖਾਮੋਸ਼ ਹੋ ਗਈ ਹੈ. ਇੰਝ ਜਾਪਦਾ ਹੈ ਕਿ ਅੱਜ ਪੰਜਾਬੀ ਸੰਗੀਤ ਦੀ ਦੁਨੀਆਂ ਲਈ ਕਾਲਾ ਦਿਨ ਚੜ੍ਹਿਆ ਹੈ।
ਅੱਜ ਉਨ੍ਹਾਂ ਦੇ ਸਾਹਾਂ ਦੀ ਡੌਰ ਟੁੱਟ ਜਾਣ ਦੀ ਖ਼ਬਰ ਨੇ ਹਰ ਪਾਸੇ ਮਾਹੌਲ ਗ਼ਮਗੀਨ ਕਰ ਦਿਤਾ ਹੈ। ਵੈਰਾਗ ਦੇ ਇਸ ਸਮਾਚਾਰ ਨੇ ਸ਼ੋਕ ਦੀ ਲਹਿਰ ਪੈਦਾ ਕਰ ਦਿਤੀ ਹੈ।ਵੱਖ ਵੱਖ ਮਸ਼ਹੂਰ ਹਸਤੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਦੇ ਜ਼ਿੰਦਗੀ ਦੀ ਆਖ਼ਿਰੀ ਜੰਗ ਹਾਰਣ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਦੇ ਸੀ ਐਮ ਭਗਵੰਤ ਮਾਨ ਨੇ ਸੁਰਿੰਦਰ ਛਿੰਦਾ ਦੀ ਮੌਤ ਤੇ ਟਵੀਟ ਕਰਦਿਆਂ ਲਿਿਖਆ “ਉੱਘੇ ਗਾਇਕ ਸੁਰਿੰਦਰ ਸ਼ਿੰਦਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ, ਪੰਜਾਬ ਦੀ ਬੁਲੰਦ ਆਵਾਜ਼ ਅੱਜ ਸਦਾ ਲਈ ਖ਼ਾਮੋਸ਼ ਹੋ ਗਈ”।
ਇਸ ਤੋਂ ਇਲਾਵਾ ਦੀਪਕ ਬਾਲੀ ਲੋਕ ਗਾਇਕੀ ਦੇ ਖੇਤਰ ‘ਚ ਗੂੰਜਦੀ ਇਹ ਆਵਾਜ਼ ਅੱਜ ਖ਼ਾਮੋਸ਼ ਹੋ ਗਈ। ‘ਚ ਪਾ ਕੇ ਅੱਜ ਇਹ ਪੰਜਾਬੀ ਗਾਇਕਾਂ ਦਾ ਸੂਰਮਾ ਰੁਖ਼ਸਤ ਹੋ ਗਿਆ। ‘ਪੁੱਤ ਜੱਟਾਂ ਦੇ’, ‘ਜਿਊਣਾ ਮੌੜ’ ਸਾਨੂੰ ਹਮੇਸ਼ਾਂ ਯਾਦ ਰਹਿਣਗੇ।
ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਸੁਰਿੰਦਰ ਸ਼ਿੰਦਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਸੰਗੀਤ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮਾਨ ਨੇ ਇੱਕ ਟਵੀਟ ਵਿੱਚ ਕਿਹਾ, “ਪੰਜਾਬੀ ਲੋਕ ਗਾਇਕੀ ਦੇ ਸੁਨਹਿਰੀ ਦੌਰ ਦਾ ਅੰਤ ਹੋ ਗਿਆ ਹੈ।