ਪੰਜਾਬੀ ਲੇਖਕ ਸ. ਕਰਤਾਰ ਸਿੰਘ ਦੁੱਗਲ ਦਾ ਦਿਹਾਂਤ

ਨਵੀਂ ਦਿੱਲੀ – 27 ਜਨਵਰੀ ਦਿਨ ਸ਼ੁਕਰਵਾਰ ਨੂੰ ਪੰਜਾਬੀ ਦੇ ਨਾਮਵਰ 94 ਸਾਲਾ ਲੇਖਕ ਅਤੇ ਸਾਬਕਾ ਰਾਜ ਸਭਾ ਮੈਂਬਰ ਸ. ਕਰਤਾਰ ਸਿੰਘ ਦੁੱਗਲ ਦੀ ਸਧਾਰਣ ਬੀਮਾਰੀ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਨੂੰ 23 ਜਨਵਰੀ ਸੋਮਵਾਰ ਵਾਲੇ ਦਿਨ ਇੱਥੇ ਦੇ ‘ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼’ ‘ਚ ਭਰਤੀ ਕਰਾਇਆ ਗਿਆ ਸੀ। ਉਹ ਆਪਣੇ ਪਿੱਛੇ ਧਰਮ ਪਤਨੀ ਅਤੇ ਇਕ ਪੁੱਤਰ ਡਾ. ਸੁਹੇਲ ਦੁੱਗਲ ਛੱਡ ਗਏ ਹਨ। ਸ. ਕਰਤਾਰ ਸਿੰਘ ਦੁੱਗਲ ਦਾ ਜਨਮ 1917 ਵਿਚ ਰਾਵਲਪਿੰਡੀ ਵਿਖੇ ਹੋਇਆ। ਉਨ੍ਹਾਂ ਨੇ ਲਾਹੌਰ ਦੇ ਫਾਰਮਨ ਕਰਿਸਚਨ ਕਾਲਜ ਤੋਂ ਅੰਗਰੇਜ਼ੀ ‘ਚ ਪੋਸਟ ਗਰੈਜੂਏਸ਼ਨ ਕੀਤੀ। 1942 ਤੋਂ 1966 ਤਕ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਸਟੇਸ਼ਨ ‘ਤੇ ਵੱਖ-ਵੱਖ ਅਹੁਦਿਆਂ ‘ਤੇ ਨੌਕਰੀ ਕੀਤੀ ਅਤੇ ਸਟੇਸ਼ਨ ਡਾਇਰੈਕਟਰ ਵੀ ਰਹੇ। 1988 ‘ਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਕਰਕੇ ‘ਪਦਮ ਭੂਸ਼ਣ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1997 ‘ਚ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ। ਸ. ਕਰਤਾਰ ਸਿੰਘ ਦੁੱਗਲ ਹੁਣਾ ਨੇ ਨਾਵਲ, ਮਿੰਨੀ ਕਹਾਣੀਆਂ, ਡਰਾਮੇ ਅਤੇ ਨਾਟਕ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਦਾ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ‘ਚ ਅਨੁਵਾਦ ਵੀ ਕੀਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 27 ਜਨਵਰੀ ਨੂੰ ਦਿੱਲੀ ਦੇ ਲੋਧੀ ਰੋਡ, ਸ਼ਮਸ਼ਾਨ ਭੂਮੀ ਵਿਖੇ ਕੀਤਾ ਗਿਆ। ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇਣ ਵਾਲਿਆਂ ‘ਚ ਰਾਜਸੀ ਆਗੂ, ਉੱਚ ਅਧਿਕਾਰੀ, ਸਾਹਿਤਕਾਰ, ਬੁੱਧੀਜੀਵੀ, ਸਾਹਿਤ ਸਭਾਵਾਂ ਦੇ ਅਹੁਦੇਦਾਰ, ਸਾਹਿਤਕ ਪ੍ਰੇਮੀ, ਹੋਰ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀ ਤੇ ਸਥਾਕ ਨਿਵਾਸੀ ਪੁੱਜੇ ਸਨ। ਸੰਸਕਾਰ ਦੇ ਮੌਕੇ ‘ਤੇ ਨਰੇਸ਼ ਗੁਜਰਾਲ, ਤਰਲੋਚਨ ਸਿੰਘ, ਡਾ. ਜਸਪਾਲ ਸਿੰਘ, ਡਾ. ਜਸਵੰਤ ਸਿੰਘ ਨੇਕੀ, ਡਾ. ਮਹਿੰਦਰ ਸਿੰਘ, ਚਰਨਜੀਤ ਸਿੰਘ ਚੰਨ, ਡਾ. ਕਰਨਜੀਤ ਸਿੰਘ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ, ਡਾ. ਮਨਜੀਤ ਸਿੰਘ, ਡਾ. ਮਹਿੰਦਰ ਕੌਰ ਗਿੱਲ, ਰੇਣੂਕਾ ਸਿੰਘ, ਪੀ. ਐਸ. ਬੇਦੀ, ਹਰਵਿੰਦਰ ਸਰਨਾ, ਬਲਵੀਰ ਮਾਧੋਪੁਰੀ ਅਤੇ ਭਾਸ਼ਾ ਵਿਭਾਗ ਦਿੱਲੀ ਦੀ ਡਾਇਰੈਕਟਰ ਬਲਵੀਰ ਕੌਰ ਵਲੋਂ ਬੀਬੀ ਮਨਦੀਪ ਸੰਧੂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ. ਕਰਤਾਰ ਸਿੰਘ ਦੁੱਗਲ ਨੂੰ ਪਦਮ ਭੂਸ਼ਨ, ਸਾਹਿਤ ਅਕਾਦਮੀ ਪੁਰਸਕਾਰ, ਗਾਲਿਬ ਪੁਰਸਕਾਰ, ਸੋਵੀਅਤ ਪੁਰਸਕਾਰ, ਭਾਰਤੀ ਭਾਸ਼ਾ ਪ੍ਰੀਸ਼ਦ, ਭਾਈ ਮੋਹਨ ਸਿੰਘ ਵੈਦ, ਪੰਜਾਬੀ ਲੇਖਕ ਆਫ ਦਾ ਮਿਲੇਨੀਅਮ ਭਾਈ ਵੀਰ ਸਿੰਘ ਪੁਰਸਕਾਰ ਆਦਿ ਨਾਲ ਸਨਮਾਨੇ ਜਾ ਚੁੱਕੇ ਸਨ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਪਿੱਪਲ ਪੱਤੀਆਂ, ਫੁੱਲ ਤੋੜਨਾ ਮਨ੍ਹਾਂ ਹੈ (ਕਹਾਣੀ ਸੰਗ੍ਰਹਿ) ਆਂਦਰਾਂ, ਪੁੰਨਿਆ ਦੀ ਰਾਤ (ਨਾਵਲ) ਮਿੱਠਾ ਪਾਣੀ, ਪੁਰਾਣੀਆਂ ਬੋਤਲਾਂ (ਨਾਟਕ), ਕੰਢੇ ਕੰਢੇ, ਬੰਦ ਦਰਵਾਜ਼ੇ (ਕਵਿਤਾ), ਮੇਰੀ ਸਾਹਿਤਕ ਜੀਵਨੀ, ਕਿਸ ਪਹਿ ਖੋਲਉ ਗੰਠੜੀ (ਸਵੈ-ਜੀਵਨੀ), ਤਿੰਨ ਨਾਟਕ, ਸੁੱਤੇ ਪਏ ਨਗਮੇ (ਇਕਾਂਗੀ) ਅਤੇ ਨਵੀਂ ਪੰਜਾਬੀ ਕਵਿਤਾ, ਕਹਾਣੀ ਕਲਾ ਤੇ ਮੇਰਾ ਅਨੁਭਵ (ਪੜਚੋਲ) ਸ਼ਾਮਿਲ ਹਨ।