ਪੰਜਾਬ ‘ਚ ਦਿੱਲੀ ਮਾਡਲ: ਪੰਜਾਬ ਤੇ ਦਿੱਲੀ ਵਿਚਾਲੇ ਸਿਹਤ ਤੇ ਸਿੱਖਿਆ ਸਮਝੌਤਾ, ਵਿਰੋਧੀ ਪਾਰਟੀਆਂ ਵੱਲੋਂ ਸਮਝੌਤੇ ਦੀ ਆਲੋਚਨਾ

ਨਵੀਂ ਦਿੱਲੀ, 26 ਅਪ੍ਰੈਲ – ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਦੀ ਕਾਇਆਂ-ਕਲਪ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਿੱਚ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਦੋਵਾਂ ਸੂਬਿਆਂ ਵੱਲੋਂ ਗਿਆਨ ਦੇ ਵਟਾਂਦਰੇ ਲਈ ਸਮਝੌਤਾ ਸਹੀਬੰਦ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ, ਸਿਹਤ ਤੇ ਬਿਜਲੀ ਉਨ੍ਹਾਂ ਦੀ ਸਰਕਾਰ ਦੀ ਸਿਖਰਲੀਆਂ ਤਰਜੀਹਾਂ ਹਨ ਤੇ ਪੰਜਾਬ ਨੂੰ ਇਨ੍ਹਾਂ ਖੇਤਰਾਂ ਵਿੱਚ ਦਿੱਲੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਇਸੇ ਤਰ੍ਹਾਂ ਦਿੱਲੀ, ਪੰਜਾਬ ਤੋਂ ਖੇਤੀ ਬਾਰੇ ਗਿਆਨ ਲੈ ਸਕਦਾ ਹੈ। ਉੱਧਰ ਕੇਜਰੀਵਾਲ ਨੇ ਕਿਹਾ ਕਿ ਜੇਕਰ ਹਰੇਕ ਰਾਜ ਦੂਜੇ ਵੱਲੋਂ ਕੀਤੇ ਚੰਗੇ ਕੰਮਾਂ ਤੋਂ ਸਬਕ ਲੈਣ ਲੱਗੇ ਤਾਂ ਭਾਰਤ ਦੀ ਤਰੱਕੀ ਹੋਵੇਗੀ।
ਸਮਝੌਤਾ ਸਹੀਬੰਦ ਕਰਨ ਮੌਕੇ ਰੱਖੀ ਪ੍ਰੈੱਸ ਕਾਨਫ਼ਰੰਸ ਦੌਰਾਨ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਨਿਵੇਕਲੀ ਪਹਿਲਕਦਮੀ ਦੱਸਦੇ ਹੋਏ ਦੋਵਾਂ ਸੂਬਿਆਂ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਉਸਾਰੂ ਤੇ ਮਿਸਾਲੀ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਮਝੌਤਾ ਪੰਜਾਬ ਤੇ ਦਿੱਲੀ ਸਰਕਾਰਾਂ ਨੂੰ ਗਿਆਨ, ਤਜਰਬਾ ਤੇ ਮੁਹਾਰਤ ਆਪਸ ਵਿੱਚ ਸਾਂਝਾ ਕਰਨ ਦੇ ਯੋਗ ਬਣਾਏਗਾ। ਕਰਾਰ ਤਹਿਤ ਦੋਵੇਂ ਸਰਕਾਰਾਂ ਲੋਕਾਂ ਦੀ ਭਲਾਈ ਲਈ ਜਾਣਕਾਰੀ ਹਾਸਲ ਕਰਨ ਵਾਸਤੇ ਮੰਤਰੀਆਂ, ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਇਕ-ਦੂਜੇ ਦੇ ਸੂਬਿਆਂ ਵਿੱਚ ਭੇਜਿਆ ਕਰਨਗੀਆਂ। ਭਗਵੰਤ ਮਾਨ ਨੇ ਪੰਜਾਬ ਵਿੱਚ ਦਿੱਲੀ ਮਾਡਲ ਦੇ ਆਧਾਰ ਉੱਤੇ 117 ਸਰਕਾਰੀ ਸਕੂਲ ਅਤੇ 117 ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਸ਼ੁਰੂਆਤ ਵਜੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਇੱਕ-ਇੱਕ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਸਥਾਪਤ ਕਰੇਗੀ।
ਵਿਰੋਧੀ ਧਿਰਾਂ ਵੱਲੋਂ ਸਮਝੌਤੇ ਨੂੰ ਲੈ ਕੇ ਕੀਤੀ ਜਾ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਬਿਨਾਂ ਕਿਸੇ ਆਧਾਰ ਤੋਂ ਸਿਰਫ਼ ਆਲੋਚਨਾ ਕਰਨ ਲਈ ਹੀ ਰੌਲਾ-ਰੱਪਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕਪਾਸੜ ਸਮਝੌਤਾ ਨਹੀਂ, ਸਗੋਂ ਇਹ ਸਮਝੌਤਾ ਸਹੀ ਮਾਅਨਿਆਂ ਵਿੱਚ ਦੋਵਾਂ ਸੂਬਿਆਂ ਵੱਲੋਂ ਗਿਆਨ ਦੇ ਵਟਾਂਦਰੇ ਦਾ ਜ਼ਰ੍ਹੀਆ ਹੈ ਜਿਸ ਨਾਲ ਪੰਜਾਬ, ਦਿੱਲੀ ਪਾਸੋਂ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਲਾਗੂ ਕੀਤੇ ਲੋਕ ਪੱਖੀ ਮਾਡਲਾਂ ਨੂੰ ਅਪਣਾਏਗਾ ਜਦੋਂ ਕਿ ਦਿੱਲੀ, ਪੰਜਾਬ ਪਾਸੋਂ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਕੀਤੇ ਗਏ ਵਿਸ਼ਾਲ ਤਜਰਬੇ ਦਾ ਲਾਭ ਲੈ ਸਕਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਰੰਗ ਕਰਕੇ ਸਮਾਰਟ ਸਕੂਲ ਦਾ ਨਾਂ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ। ਦਿੱਲੀ ਸਰਕਾਰ ਦਾ 25 ਫੀਸਦੀ ਬਜਟ ਸਿੱਖਿਆ ਖੇਤਰ ਲਈ ਹੁੰਦਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਬਜਟ ਮਹਿਜ਼ 2 ਫੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 19000 ਸਰਕਾਰੀ ਸਕੂਲਾਂ, ਜਿੱਥੇ 23 ਲੱਖ ਬੱਚੇ ਪੜ੍ਹ ਰਹੇ ਹਨ, ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਖੇਤਰ ਨਾਲ ਜੁੜਿਆ ਬੁਨਿਆਦੀ ਢਾਂਚਾ ਲੜਖੜਾਇਆ ਹੋਇਆ ਹੈ ਕਿਉਂਕਿ ਸੂਬੇ ਕੋਲ ਚੰਗੇ ਡਾਕਟਰ ਅਤੇ ਹੋਰ ਪੈਰਾ-ਮੈਡੀਕਲ ਸਟਾਫ਼ ਤਾਂ ਹੈ ਪਰ ਲੋੜੀਂਦਾ ਢਾਂਚਾ ਨਹੀਂ ਹੈ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ, ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਰਾਜ ਸਭਾ ਮੈਂਬਰ ਰਾਘਵ ਚੱਢਾ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਸਮੇਤ ਦੋਵਾਂ ਸੂਬਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਇਹ ਸਮਝੌਤਾ ਪੰਜਾਬ ਸਰਕਾਰ ਵੱਲੋਂ ਆਪਣੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨੂੰ ਪੂਰਨ ਤੌਰ ‘ਤੇ ਤਿਲਾਂਜਲੀ ਦੇਣ ਦੇ ਬਰਾਬਰ ਹੈ। ਇਹ ਸਮਝੌਤਾ ਯਕੀਨੀ ਬਣਾਏਗਾ ਕਿ ਪੰਜਾਬ ਸਰਕਾਰ ਅਸਲ ਵਿੱਚ ਅਰਵਿੰਦ ਕੇਜਰੀਵਾਲ ਦੇ ਹੱਥ ਹੈ। ਇਹ ਗ਼ੈਰ-ਜਮਹੂਰੀ ਹੈ ਅਤੇ ਜੇ ਇਸ ਸਮਝੌਤੇ ‘ਤੇ ਦਸਖ਼ਤ ਕੀਤੇ ਜਾਂਦੇ ਹਨ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਵਤਾ ਸਾਂਝੀ ਕਰਨ ਦਾ ਸਮਝੌਤਾ ਕਰਨ ਦੀ ਆੜ ਵਿੱਚ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਅਸਲ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਅੱਜ ਦੇ ਦਿਨ ਨੂੰ ਪੰਜਾਬ ਦੇ ਇਤਿਹਾਸ ਵਿੱਚ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਮਿਉਂਸਿਪਲ ਕਮੇਟੀ ਪ੍ਰਧਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਾਰਜ ਦੇ ਦਿੱਤਾ ਗਿਆ ਹੈ। ਪੰਜਾਬ ਹੁਣ ਦਿੱਲੀ ਅਧੀਨ ਹੋ ਗਿਆ ਹੈ, ਜੋ ਸੂਬਾ ਵੀ ਨਹੀਂ ਹੈ। ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਸੂਬੇ ਦੀ ਖ਼ੁਦਮੁਖ਼ਤਿਆਰੀ ਦਿੱਲੀ ਨੂੰ ਸਮਰਪਿਤ ਕਰ ਕੇ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਧੋਖਾ ਕਿਉਂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬੀਆਂ ਦੇ ਸਵੈ-ਮਾਣ ਨੂੰ ਸੱਟ ਮਾਰੀ ਹੈ। ਹੁਣ ਪੰਜਾਬ ਦੇ ਸਾਰੇ ਮੰਤਰੀ ਤੇ ਅਫ਼ਸਰ ਕੇਜਰੀਵਾਲ ਨੂੰ ਰਿਪੋਰਟ ਕਰਨਗੇ ਤੇ ਹੁਣ ਕੇਜਰੀਵਾਲ ਦੀ ਪਹੁੰਚ ਪੰਜਾਬ ਸਰਕਾਰ ਦੀਆਂ ਫਾਈਲਾਂ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਭੇਤ ਗੁਪਤ ਰੱਖਣ ਨਾਲ ਜੁੜੇ ਐਕਟ ਦੀ ਉਲੰਘਣਾ ਹੈ। ਇਸ ਸਮਝੌਤੇ ਦੀ ਮੱਦ 3 ਮੁਤਾਬਿਕ ਭਵਿੱਖੀ ਸਰਕਾਰਾਂ ਵੀ ਇਸ ਸਮਝੌਤੇ ਦੀ ਪਾਲਣਾ ਲਈ ਪਾਬੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਰਾਜਪਾਲ ਤੱਕ ਪਹੁੰਚ ਕਰਕੇ ਬੇਨਤੀ ਕਰੇਗਾ ਕਿ ਉਹ ਮੁੱਖ ਮੰਤਰੀ ਨੂੰ ਹਦਾਇਤਾਂ ਕਰਨ ਕਿ ਉਹ ਇਸ ਪੰਜਾਬ ਵਿਰੋਧੀ ਸਮਝੌਤੇ ਲਈ ਸਹਿਮਤੀ ਵਾਪਸ ਲੈਣ।