ਪੰਜਾਬ ਤੇ ਹਰਿਆਣਾ ‘ਚ ਕਈ ਥਾਈਂ ਭਾਰੀ ਮੀਂਹ

ਨਵੀਂ ਦਿੱਲੀ, 16 ਅਗਸਤ – ਪੰਜਾਬ ਤੇ ਹਰਿਆਣਾ ਵਿੱਚ ਕਈ ਥਾਈਂ ਭਾਰੀ ਬਾਰਸ਼ ਹੋਈ ਜਿਸ ਨਾਲ ਸਮੁੱਚੇ ਖਿਤੇ ਦਾ ਤਾਪਮਾਨ ਹੇਠਾਂ ਡਿਗ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 61.1 ਮਿਲੀਮੀਟਰ ਬਾਰਸ਼ ਅਤੇ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸਧਾਰਨ ਨਾਲੋਂ ਘੱਟ ਸੀ। ਲੁਧਿਆਣਾ ਅਤੇ ਪਟਿਆਲਾ ‘ਚ 1.4 ਮਿਲੀਮੀਟਰ ਬਾਰਸ਼ ਅਤੇ ਤਾਪਮਾਨ ਕ੍ਰਮਵਾਰ 32.2 ਅਤੇ 31.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਰਾਜਧਾਨੀ ਦਿੱਲੀ ਵਿੱਚ ਵੀ ਸਵੇਰੇ ਭਾਰੀ ਬਾਰਸ਼ ਹੋਈ ਜਿਸ ਕਾਰਨ ਕਈ ਥਾਈ ਸੜਕਾਂ ‘ਤੇ ਪਾਣੀ ਇਕੱਠਾ ਹੋਣ ਨਾਲ ਸੜਕੀ ਆਵਾਜਾਈ ਵਿੱਚ ਵੀ ਵਿਘਨ ਪਿਆ।