ਪੰਜਾਬ ਦੇ 116 ਵਿਧਾਇਕਾਂ ਨੇ ਵੋਟਾਂ ਪਾਈਆਂ, ‘ਆਪ’ ਦੇ ਸ. ਫੂਲਕਾ ਨੇ ਵੋਟ ਨਾ ਪਾਈ

ਚੰਡੀਗੜ੍ਹ, 17 ਜੁਲਾਈ – ਅੱਜ ਰਾਸ਼ਟਰਪਤੀ ਦੀ ਹੋਈ ਚੋਣ ਵਿੱਚ ਪੰਜਾਬ ਦੇ 117 ਵਿਧਾਇਕਾਂ ਵਿੱਚੋਂ 116 ਵਿਧਾਇਕਾਂ ਨੇ ਵੋਟਾਂ ਪਾਈਆਂ। ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸ. ਐਚ.ਐੱਸ. ਫੂਲਕਾ ਵੋਟ ਪਾਉਣ ਨਹੀਂ ਆਏ। ਇਸ ਜਮਹੂਰੀ ਪ੍ਰਕਿਰਿਆ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਹਿੱਸਾ ਲਿਆ। ਵਿਧਾਨ ਸਭਾ ‘ਚ ਵੋਟਾਂ ਪਾਉਣ ਦਾ ਅਮਲ ਸਵੇਰੇ 10.00 ਵਜੇ ਸ਼ੁਰੂ ਹੋਇਆ ਅਤੇ ਬਾਅਦ ਦੁਪਹਿਰ 1.00 ਵਜੇ ਤੱਕ ਸਾਰੀਆਂ ਵੋਟਾਂ ਭੁਗਤ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀਆਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੋਟ ਪਾਉਣ ਲਈ ਪਹੁੰਚੇ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਵੋਟ ਰੱਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸੂਬੇ ਦੇ ਮੁੱਖ ਚੋਣ ਅਫ਼ਸਰ ਵੀ.ਕੇ. ਸਿੰਘ ਨੇ ਕਿਹਾ ਕਿ ਵੋਟਾਂ ਦਰੁਸਤ ਜਾਂ ਰੱਦ ਹੋਣ ਦਾ ਫ਼ੈਸਲਾ ਚੋਣ ਕਮਿਸ਼ਨ ਦੇ ਪੱਧਰ ‘ਤੇ ਕੀਤਾ ਜਾਣਾ ਹੈ। ਚੋਣ ਦਫ਼ਤਰ ਵੱਲੋਂ ਇਨ੍ਹਾਂ ਦੋ ਵਿਧਾਇਕਾਂ ਦੀਆਂ ਵੋਟਾਂ ਬਾਰੇ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਹੈ।