ਪੰਜਾਬ ਵਿਧਾਨ ਸਭਾ ਵਿੱਚ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ, 17 ਦਸੰਬਰ – ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋ ਗਿਆ। ਸਪੀਕਰ ਵਲੋਂ ਵਿੱਛੜੀਆਂ ਸ਼ਖਸੀਅਤਾਂ ਦੇ ਨਾਮ ਪੜ੍ਹੇ ਗਏ ਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸਦਨ ਵਿੱਚ ਵਲੋਂ ਜਿਨ੍ਹਾਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਸੇਵਾ ਮੁਕਤ ਚੀਫ਼ ਜਸਟਿਸ ਤੇ ਗਵਰਨਰ ਐਸ. ਐਸ. ਕੰਗ, ਫਿਲਮ ਅਦਾਕਾਰ ਦਾਰਾ ਸਿੰਘ, ਰਾਜੇਸ਼ ਖੰਨਾ, ਮਰਾਠਾ ਆਗੂ ਬਾਲ ਠਾਕਰੇ, ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰ ਜਗਜੀਤ ਸਿੰਘ, ਸਾਬਕਾ ਵਿਧਾਇਕ ਜ਼ੋਰਾ ਸਿੰਘ ਭਾਗੀਕੇ ਤੇ ਮਲਕੀਤ ਸਿੰਘ ਕੀਤੂ, ਬਸਪਾ ਆਗੂ ਮਾਨ ਸਿੰਘ ਮਨਹੇੜਾ, ਸੁਤੰਤਰਤਾ ਸੰਗਰਾਮੀਆਂ ਵਿੱਚ ਜਥੇਦਾਰ ਗੁਰਮੇਲ ਸਿੰਘ ਥੂਹੀ, ਸਾਧੂ ਸਿੰਘ, ਗੁਰਚਰਨ ਸਿੰਘ, ਪ੍ਰੀਤਮ ਸਿੰਘ, ਨਗਿੰਦਰ ਸਿੰਘ, ਪ੍ਰਭਾ ਰਾਮ, ਕਰਤਾਰ ਸਿੰਘ, ਮੁਖਤਿਆਰ ਸਿੰਘ, ਮੁਹਿੰਦਰ ਸਿੰਘ, ਦਵਿੰਦਰ ਸਿੰਘ, ਫੌਜਾ ਸਿੰਘ, ਸ਼ਾਮਲ ਸਨ। ਉੱਘੇ ਸਿਤਾਰ ਵਾਦਕ ਪੰਤਿਡ ਰਵੀ ਸ਼ੰਕਰ, ਕਾਮੇਡੀਅਨ ਜਸਪਾਲ ਭੱਟੀ, ਬਾਲੀਵੁੱਡ ਡਾਇਰੈਕਟਰ ਯਸ਼ ਚੋਪੜਾ, ਗਾਇਕ ਹਾਕਮ ਸੂਫੀ, ਲੇਖਕਾਂ ਵਿੱਚ ਅਵਤਾਰ ਜੰਡਿਆਲਵੀ, ਸਰੋਦ ਸੁਦੀਪ, ਅਜਾਇਬ ਚਿੱਤਰਕਾਰ ਤੇ ਸਰਵਨ ਕੁਮਾਰ ਦੇ ਨਾਮ ਸ਼ਾਮਲ ਹਨ। ਅਮਰੀਕਾ ਦੇ ਗੁਰਦੁਆਰੇ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ ਸਤਵੰਤ ਸਿੰਘ ਕਾਲੇਕਾ, ਐਸ. ਜੀ. ਪੀ. ਸੀ ਮੈਂਬਰ ਜਥੇਦਾਰ ਦਿਲਬਾਗ ਸਿੰਘ ਤੇ ਹਰਬੰਸ ਕੌਰ ਸੁਖਾਣਾ ਦਾ ਨਾਮ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਸੀ। ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰ ਅੰਮ੍ਰਿਤਾ ਚੌਧਰੀ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ। ਪਰ ਕਾਂਗਰਸ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮ੍ਰਿਤਕ ਏਐਸਆਈ ਰਵਿੰਦਰਪਾਲ ਸਿੰਘ ਦਾ ਨਾਮ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਜਿਸ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਪ੍ਰਵਾਨ ਨਹੀਂ ਕੀਤਾ। ਸਪੀਕਰ ਨੇ ਕਿਹਾ ਕਿ ਕਿਸੇ ਕਰਮਚਾਰੀ ਦਾ ਨਾਮ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਗੁਲਜ਼ਾਰ ਸਿੰਘ ਰਣੀਕੇ ਨੇ ਵੀ ਮ੍ਰਿਤਕ ਏਐਸਆਈ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ ਤੇ ਸਾਬਕਾ ਮੰਤਰੀ ਦੀ ਬੇਨਤੀ ਵੀ ਸਵੀਕਾਰ ਨਹੀਂ ਕੀਤੀ ਗਈ।