ਪੰਜਾਬ ਵਿੱਚ ਮਿਉਂਸਪਲ ਚੋਣਾਂ ਲਈ ਤਿਆਰੀਆਂ ਮੁਕੰਮਲ : ਐੱਸ. ਐੱਸ. ਬਰਾੜ

ਸਟੇਟ ਚੋਣ ਕਮਿਸ਼ਨ ਵੱਲੋਂ ਬੇਖ਼ੌਫ ਅਤੇ ਬਿਨਾਂ ਕਿਸੇ ਦਬਾਅ ਤੋਂ ਵੋਟਾਂ ਪਾਉਣ ਦੀ ਅਪੀਲ
ਚੰਡੀਗੜ੍ਹ, 18 ਫਰਵਰੀ – ਸਟੇਟ ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੈੱਸ ਕਾਨਫ਼ਰੰਸ ਨੂੰ ਸਾਂਝੇ ਤੌਰ ‘ਤੇ ਸਟੇਟ ਚੋਣ ਕਮਿਸ਼ਨਰ ਸ੍ਰੀ ਐੱਸ. ਐੱਸ. ਬਰਾੜ ਅਤੇ ਏ.ਡੀ.ਜੀ.ਪੀ.(ਆਈ.ਟੀ. ਤੇ ਚੋਣਾਂ) ਸ੍ਰੀ ਸੀ. ਐੱਸ. ਆਰ. ਰੈਡੀ ਨੇ ਸੰਬੋਧਨ ਕੀਤਾ।
ਸ੍ਰੀ ਬਰਾੜ ਨੇ ਦੱਸਿਆ ਕਿ ਚੋਣਾਂ ਦੇ ਸੁਚੱਜੇ ਪ੍ਰਬੰਧਾਂ ਲਈ 66 ਚੋਣ ਨਿਗਰਾਨ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਚੋਣ ਅਮਲ ‘ਤੇ ਕਰੀਬ ਸਾਢੇ ਪੰਜ ਕਰੋੜ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 6 ਨਗਰ ਨਿਗਮਾਂ ਦੇ 300 ਵਾਰਡਾਂ ਅਤੇ 2 ਨਗਰ ਨਿਗਮਾਂ ਦੇ 3 ਵਾਰਡਾਂ ਦੀ ਉਪ ਚੋਣ ਲਈ ਚੋਣ ਤਿਆਰੀਆਂ ਬਿਲਕੁਲ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੋਟਾਂ 22 ਫਰਵਰੀ….. ਪੈਣਗੀਆਂ ਜਿਸ ਲਈ 20 ਫਰਵਰੀ ਦੀ ਸ਼ਾਮ ਨੂੰ ਪ੍ਰਚਾਰ ਖ਼ਤਮ ਹੋ ਜਾਵੇਗਾ। ਇਨ੍ਹਾਂ ਚੋਣਾਂ ਲਈ 1268 ਉਮੀਦਵਾਰ ਖੜ੍ਹੇ ਹਨ ਜਦੋਂ ਕਿ 4 ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ। ਵੋਟਾਂ ਦੀ ਗਿਣਤੀ 26 ਫਰਵਰੀ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ 122 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਇਕ ਨਗਰ ਪੰਚਾਇਤ ਦੇ ਇਕ ਵਾਰਡ ਦੀ ਉਪ ਚੋਣ 25 ਫਰਵਰੀ ਨੂੰ ਹੋਵੇਗੀ ਜਿਸ ਲਈ ਚੋਣ ਪ੍ਰਚਾਰ 23 ਫਰਵਰੀ ਦੀ ਸ਼ਾਮ ਨੂੰ ਬੰਦ ਹੋ ਜਾਵੇਗਾ। ਵੋਟਾਂ ਪੈਣ ਤੋਂ ਬਾਅਦ ਤੁਰੰਤ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਨ੍ਹਾਂ ਚੋਣਾਂ ਲਈ 7006 ਉਮੀਦਵਾਰ ਚੋਣ ਮੈਦਾਨ ਵਿੱਚ ਖੜ੍ਹੇ ਹਨ ਜਦੋਂ ਕਿ 160 ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਏ.ਡੀ.ਜੀ.ਪੀ. ਸ੍ਰੀ ਰੈਡੀ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਲਈ ਕੁੱਲ 309 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿੱਚੋਂ 43 ਅਤਿ ਸੰਵੇਦਨਸ਼ੀਲ ਅਤੇ 235 ਸੰਵੇਦਨਸ਼ੀਲ ਵਰਗ ਵਿੱਚ ਰੱਖੇ ਗਏ ਹਨ। ਇਸੇ ਤਰ੍ਹਾਂ ਨਗਰ ਕੌਂਸਲਾਂ/ਪੰਚਾਇਤ ਚੋਣਾਂ ਲਈ ਕੁੱਲ 1486 ਪੋਲਿੰਗ ਸਟੇਸ਼ਨ ਕਾਇਮ ਕੀਤੇ ਹਨ ਜਿਨ੍ਹਾਂ ਵਿੱਚੋਂ 163 ਨੂੰ ਅਤਿ ਸੰਵੇਦਨਸ਼ੀਲ ਤੇ 940 ਸੰਵੇਦਨਸ਼ੀਲ ਵਰਗ ਵਿੱਚ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮਿਉਂਸਪਲ ਚੋਣਾਂ ਲਈ ਕੱਲ੍ਹ 19616 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਨਗਰ ਨਿਗਮਾਂ ਲਈ 3927 ਅਤੇ ਨਗਰ ਕੌਂਸਲਾਂ ਤੇ ਪੰਚਾਇਤਾਂ ਲਈ 15689 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਚੋਣਾਂ ਦੌਰਾਨ ਸੁਰੱਖਿਆ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਹਨ। ਸ੍ਰੀ ਰੈਡੀ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਬੇਖ਼ੌਫ ਅਤੇ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਮੁਕਤ ਹੋ ਕੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਮੀਦਵਾਰਾਂ ਦੀ ਮੰਗ ਅਨੁਸਾਰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਸਭ ਪ੍ਰਬੰਧ ਅਗਾਊਂ ਮੁਕੰਮਲ ਕਰ ਲਏ ਗਏ ਹਨ।