ਪੰਜਾਬ ੧ ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਤਿਆਰ – ਸੁਖਬੀਰ

ਚੰਡੀਗੜ (ਏਜੰਸੀ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਗਲੇ ਪੰਜ ਸਾਲਾਂ ਦੌਰਾਨ ਘੱਟੋ ਘੱਟ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਢੁੱਕਵੀਂ ਸਨਅਤੀ ਨੀਤੀ ਨੂੰ ਅੰਤਮ ਰੂਪ ਦੇਣ ਲਈ ਸਨਅਤੀ ਘਰਾਣਿਆਂ, ਸਨਅਤ ਵਿਭਾਗ, ਕਿਰਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਪ੍ਰਤੀਨਿਧੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ।
ਪੰਜਾਬ ਦੇ ਸਨਅਤ ਮੰਤਰੀ ਸ਼੍ਰੀ ਅਨਿਲ ਜੋਸ਼ੀ ਅਤੇ ਕਿਰਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਨੀ ਨੂੰ ਨਾਲ ਲੈ ਕੇ ਸ. ਬਾਦਲ ਨੇ ਦੇਸ਼ ਭਰ ਦੇ ਸਨਅਤੀ ਘਰਾਣਿਆਂ ਦੇ ਪ੍ਰਤੀਨਿਧੀਆਂ ਨਾਲ ਵਿਸਤਰਤ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਉਨ੍ਹਾਂ ਦੀ ਉਮੀਦਾਂ ਅਤੇ ਖਾਹਿਸ਼ਾਂ ਨੂੰ ਸਮਝਣ ਤੋਂ ਇਲਾਵਾ ਰਾਜ ਦੇ ਸਨਅਤੀ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਨੀਤੀਗਤ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ।
ਇਸ ਮੌਕੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਤਿੰਨ ਕੌਮਾਂਤਰੀ ਹਵਾਈ ਅੱਡਿਆਂ ਵਾਲਾ ਸੂਬਾ ਹੈ ਜਿਥੇ ਸਾਰੇ ਪ੍ਰਮੁੱਖ ਸਹਿਰਾਂ ਨੂੰ 4/6 ਮਾਰਗੀ ਵਿਸ਼ਵ ਪੱਧਰੀ ਸੜਕਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਸਾਲ 2013-14 ਤੱਕ ਸਰਪਲਸ ਬਿਜਲੀ ਸਦਕਾ ਰਾਜ ਦੀ ਸਨਅਤ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹਨ ਅਤੇ ਤਲਵੰਡੀ ਸਾਬੋ, ਗੋਇੰਦਵਾਲ ਸਾਹਿਬ ਅਤੇ ਰਾਜਪੁਰਾ ਵਿਖੇ ਤਿੰਲ ਥਰਮਲ ਪਲਾਂਟਾਂ ਦੇ ਸ਼ੁਰੂ ਹੋ ਜਾਣ ਨਾਲ ਰਾਜ ਅੰਦਰ ਬਿਜਲੀ ਦੀ ਦਰਾਂ ਵਿੱਚ ਭਾਰੀ ਕਮੀ ਆਵੇਗੀ।
ਸਨਅਤੀ ਵਿਕਾਸ ਲਈ ਸਾਜ਼ਗਾਰ ਮਾਹੌਲ ਦੀ ਪੇਸ਼ਕਸ਼ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇਕਲੌਤਾ ਰਾਜ ਹੈ ਜਿਥੇ ਸਨਅਤ ਅਤੇ ਕਿਰਤੀ ਵਰਗ ਦੇ ਪਿਛਲੇ 40 ਸਾਲਾਂ ਤੋਂ ਪੂਰੀ ਤਰ੍ਹਾਂ ਸੁਖਾਵੇਂ ਸਬੰਧ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਇੰਜੀਨੀਅਰਿੰਗ, ਬਹੁ ਤਕਨੀਕੀ ਅਤੇ ਸਨਅਤੀ ਸਿਖਲਾਈ ਸੰਸਥਾ ਹੋਣ ਸਦਕਾ ਆਉਣ ਵਾਲੀ ਸਨਅਤ ਨੂੰ ਕਿਸੇ ਤਰ੍ਹਾਂ ਵੀ ਸਿਖਿਅਤ ਅਤੇ ਤਕਨੀਕੀ ਕਾਮਿਆਂ ਦੀ ਕਮੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਉਦਮੀ ਹੋਣ ਸਦਕਾ ਹੀ ਪੰਜਾਬ ਲਘੂ ਉਦਯੋਗਾਂ ਵਿੱਚ ਸਭ ਤੋਂ ਅੱਗੇ ਹੈ ਅਤੇ ਸਹਾਇਕ ਸਨਅਤੀ ਇਕਾਈਆਂ ਦੀ ਉਪਲਭੱਧਤਾ ਸਦਕਾ ਆਉਣ ਵਾਲੀ ਸਨਅਤ ਆਪਣੇ ਨਿਰਧਾਰਤ ਟੀਚੇ ਤੋਂ ਵੀ ਪਹਿਲਾਂ ਸਥਾਪਤ ਹੋ ਸਕਦੀ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਭਵਿੱਖੀ ਸਨਅਤਾਂ ਦੇ ਨਾਲ ਨਾਲ ਸੂਚਨਾ ਤਕਨਾਲੌਜੀ ਸਨਅਤਾਂ ਦੀ ਸਥਾਪਨਾ ਲਈ ਸਭ ਤੋਂ ਪਸੰਦੀਦਾ ਸਥਾਨ ਬਣੇਗਾ ਕਿਉਂਕਿ ਸੂਚਨਾ ਤਕਨਾਲੌਜੀ ਖੇਤਰ ਵਿੱਚ ਵੱਡੀਆਂ ਕੰਪਨੀਆਂ ਨੇ ਰਾਜ ਅੰਦਰ ਆਪਣੇ ਉਤਪਾਦਨ ਆਧਾਰ ਸਥਾਪਤ ਕਰਨ ਵਿੱਚ ਵੱਡੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਜਿਥੇ ਐੱਸ. ਏ. ਐੱਸ. ਨਗਰ ਮੋਹਾਲੀ ਸੂਚਨਾ ਤਕਨਾਲੌਜੀ ਕੇਂਦਰ ਵਜੋਂ ਉਭਰਣ ਲਈ ਤਿਆਰ ਹੈ ਉਥੇ ਭਵਿੱਖ ਵਿੱਚ ਮਾਲਵਾ ਖੇਤਰ ਕਪੜਾ ਕੇਂਦਰ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਜਿਲ੍ਹੇ ਵਿੱਚ ਰਿਫਾਇਨਰੀ ਨੇੜੇ ਸਨਅਤ ਵਿਭਾਗ ਵਲੋਂ ਸਹਾਇਕ ਸਨਅਤਾਂ ਦੀ ਸਹੂਲਤ ਲਈ ਇੱਕ 200 ਏਕੜ ਦਾ ਸਨਅਤੀ ਪਾਰਕ ਸਥਾਪਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਇਸ ਮੌਕੇ ਸਨਅਤ ਵਿਭਾਗ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੀ ਸਨਅਤ ਦੀ ਸਹੂਲਤ ਲਈ ਸਿੰਗਲ ਵਿੰਡੋ ਸੇਵਾ ਪ੍ਰਦਾਨ ਕਰਨ ਲਈ ਮੌਜੂਦਾ ਨੀਤੀਆਂ ਵਿੱਚ ਲੋੜੀਂਦੀ ਤਬਦੀਲੀਆਂ ਲਿਆਉਣ। ਉਨ੍ਹਾਂ ਸਨਅਤ ਵਿਭਾਗ ਦੀ ਪੋਰਟਲ ਨੂੰ ਵੀ ਛੇਤੀ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਨਵੀਆਂ ਸਨਅਤਾਂ ਪੋਰਟਲ ਜਰੀਏ ਅਪਲਾਈ ਕਰ ਸਕਣ। ਉਪ ਮੁੱਖ ਮੰਤਰੀ ਇਸ ਮੌਕੇ ਥਰਮਲ ਪਲਾਂਟਾਂ ਦੇ ਚਲ ਰਹੇ ਨਿਰਮਾਣ ਕਾਰਜ਼ਾਂ ਦੀ ਵੀ ਸਮੀਖਿਆ ਕੀਤੀ ਅਤੇ ਉਨ੍ਹਾਂ ਦੀ ਨਿਰਮਾਣ ਕਾਰਜ਼ਾਂ ‘ਤੇ ਆਪਣੀ ਤਸੱਲੀ ਪ੍ਰਗਟਾਈ।
ਇਸ ਮੌਕੇ ਉਘੇ ਸਨਅਤਕਾਰਾਂ ਸ਼੍ਰੀ ਐਸ.ਪੀ. ਓਸਵਾਲ ਅਤੇ ਸ਼੍ਰੀ ਕਮਲ ਓਸਵਾਲ ਤੋਂ ਇਲਾਵਾ ਕਈ ਹੋਰ ਉਘੇ ਸਨਅਤਕਾਰਾਂ ਦੇ ਨਾਲ ਨਾਲ ਸ਼੍ਰੀ ਏ.ਆਰ. ਤਲਵਾੜ, ਪ੍ਰਮੁੱਖ ਸਕੱਤਰ ਸਨਅਤਾਂ, ਸ਼੍ਰੀ ਏ.ਕੇ. ਨਈਅਰ, ਪ੍ਰਮੁੱਖ ਸਕੱਤਰ ਕਿਰਤ, ਸ਼੍ਰੀ ਪੀ.ਐਸ. ਔਜਲਾ, ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ, ਸ਼੍ਰੀ ਪੀ.ਐਸ. ਮੰਡ, ਸਕੱਤਰ ਕਿਰਤ ਅਤੇ ਸ਼੍ਰੀ ਮਨਵੇਸ਼ ਸਿੰਘ ਸਿੱਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋਏ।