ਪੰਥਕ ਮਸਲਿਆਂ ‘ਤੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਦਿੱਲੀ ਕਮੇਟੀ ਵਚਨਬੱਧ : ਜੀ. ਕੇ.

DSC_0110DSC_0097ਪੰਥਕ ਮਸਲਿਆਂ ‘ਤੇ ਸੰਗਤਾਂ ਨੂੰ ਇੱਕ ਨਿਸ਼ਾਨ ਥੱਲੇ ਖੜੇ ਹੋਣ ਦਾ ਵੀ ਦਿੱਤਾ ਸੁਨੇਹਾ
ਨਵੀਂ ਦਿੱਲੀ (14 ਅਪ੍ਰੈਲ ) – ਪਾਕਿਸਤਾਨੀ ਅੰਬੈਸੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਦੇ ਗੁਰਧਾਮਾਂ ‘ਚ ਵਿਸਾਖੀ 14 ਅਪ੍ਰੈਲ ਨੂੰ ਮਨਾਉਣ ਦੀ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਨ ਦੀ ਜਾਣਕਾਰੀ ਸੰਗਤਾਂ ਨਾਲ ਵਿਸਾਖੀ ਮੌਕੇ ਸਜੇ ਵਿਸ਼ੇਸ਼ ਦੀਵਾਨ ਵਿੱਚ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸਾਂਝੇ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਆਪਣੇ ਏਜੰਡੇ ਵਿੱਚ ਸਭ ਤੋਂ ਮੂਹਰੇ ਰੱਖਣ ਦਾ ਸੰਕੇਤ ਵੀ ਦਿੱਤਾ। ਖ਼ਾਲਸਾ ਸਿਰਜਣਾ ਦਿਵਸ ਦੇ ਸੰਖੇਪ ਇਤਿਹਾਸ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ……… ਕਰਦੇ ਹੋਏ ਜੀ. ਕੇ. ਨੇ ਪੰਜ ਪਿਆਰਿਆਂ ਦੇ ਸਿਧਾਂਤ ਨੂੰ ਲੋਕ ਸ਼ਾਹੀ ਦੀ ਨੀਂਹ ਦੱਸਦੇ ਹੋਏ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਰਬੰਸਦਾਨੀ ਵਜੋਂ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਦੀ ਵੀ ਅਪੀਲ ਕੀਤੀ। ਆਜ਼ਾਦੀ ਦੀ ਲੜਾਈ ਵਾਸਤੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹੋਏ 16 ਮਈ ਤੋਂ ਬਾਅਦ ਨਵੀਂ ਸਰਕਾਰ ਕੇਂਦਰ ਵਿੱਚ ਕਾਇਮ ਹੋਣ ‘ਤੇ ਕੌਮ ਦੇ ਮਸਲਿਆਂ ਨੂੰ ਦਿੱਲੀ ਕਮੇਟੀ ਵੱਲੋਂ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਦਾ ਭਰੋਸਾ ਵੀ ਜੀ. ਕੇ. ਨੇ ਦਿੱਤਾ।
1984 ਦਾ ਸੰਤਾਪ ਝੇਲ ਰਹੀਆਂ ਵਿਧਵਾ ਬੀਬੀਆਂ ਦੀ ਕਾਲੋਨੀ ਤਿਲਕ ਵਿਹਾਰ ‘ਚ ਬੀਤੇ ਦਿਨੀਂ ਸਮਾਜ ਕਲਿਆਣਾ ਵਿਭਾਗ ਦਿੱਲੀ ਸਰਕਾਰ ਦੇ ਇੱਕ ਪਲਾਟ ਦੀ ਸਾਫ਼ ਸਫ਼ਾਈ ਅਤੇ ਕਮਰਿਆਂ ਦੀ ਮੁਰੰਮਤ ਕਰਾਉਣ ਤੋਂ ਬਾਅਦ ਉਸ ਥਾਂ ‘ਤੇ ਨਸ਼ਾ ਮੁਕਤੀ ਕੇਂਦਰ, ਸਿਲਾਈ ਸਿਖਲਾਈ ਸੈਂਟਰ, ਡਿਸਪੈਂਸਰੀ ਤੇ ਪੰਜਾਬੀ ਸਿਖਲਾਈ ਦੇ ਕੇਂਦਰ ਸਥਾਪਿਤ ਕਰਨ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2005 ਵਿੱਚ ਸੰਸਦ ਵਿੱਚ ਰੱਖੀ ਗਈ ਕਾਰਵਾਈ ਰਿਪੋਰਟ ‘ਤੇ ਪੀੜਤਾਂ ਦੇ ਹੱਕਾਂ ਵਾਸਤੇ ਕੰਮ ਕਰਨ ਦੇ ਕੀਤੇ ਗਏ ਵਾਅਦਿਆਂ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਦਿੱਲੀ ਪੁਲਿਸ ਵੱਲੋਂ ਬੀਤੇ ਦਿਨੀਂ ਸ੍ਰੀ ਅਖੰਡ ਪਾਠ ਸਾਹਿਬ ਨੂੰ ਰੋਕਣ ਨੂੰ ਗਲਤ ਕਦਮ ਕਰਾਰ ਦਿੱਤਾ। ਦਿੱਲੀ ਪੁਲਿਸ ਦੇ ਇਸ ਕਦਮ ਤੋਂ ਬਾਅਦ ਪ੍ਰਸ਼ਾਸਨ ਖ਼ਿਲਾਫ਼ ਕਮੇਟੀ ਵੱਲੋਂ ਖੋਲੇ ਗਏ ਗਏ ਮੋਰਚੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਥਾਂ ‘ਤੇ ਫੇਰ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਨੂੰ ਸੰਗਤਾਂ ਦੀ ਵੱਡੀ ਜਿੱਤ ਕਰਾਰ ਦਿੰਦੇ ਹੋਏ ਜੀ. ਕੇ. ਨੇ ਵਿਰੋਧੀ ਧਿਰਾਂ ਵੱਲੋਂ ਇਸ ਮਸਲੇ ‘ਤੇ ਸੋਸ਼ਲ ਮੀਡੀਆ ਰਾਹੀਂ ਕੀਤੀ ਗਈ ਸਿਆਸਤ ਨੂੰ ਵੀ ਮੰਦਭਾਗਾ ਐਲਾਨਿਆ। ਜੈਤੋ ਦੇ ਮੋਰਚੇ ਨਾਲ ਇਸ ਘਟਨਾ ਦੀ ਤੁਲਨਾ ਕਰਦੇ ਹੋਏ ਜੀ. ਕੇ. ਨੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਨਾਲ ਲੱਗਦੀਆਂ ਜਗਾ ਜ਼ਮੀਨਾਂ ‘ਤੇ ਸੰਗਤਾਂ ਦੇ ਜੋਸ਼ ਅਤੇ ਪ੍ਰਬੰਧਕਾਂ ਦੇ ਉਦਮ ਸਦਕਾ ਪ੍ਰਾਪਤ ਕਰਨ ਤੋਂ ਵੀ ਵਿਰੋਧੀ ਧਿਰਾਂ ਨੂੰ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ।
ਉੱਤਰਾਖੰਡ ਕੁਦਰਤੀ ਕਰੋਪੀ, 1984 ਪੀੜਤ ਪਰਿਵਾਰਾਂ ਦੀ ਮਦਦ ਤੇ ਦਿੱਲੀ ਫਤਿਹ ਦਿਵਸ ਮਨਾਉਣ ਨੂੰ ਨਵੀਂ ਕਮੇਟੀ ਦੀਆਂ ਵੱਡੀਆਂ ਪ੍ਰਾਪਤੀਆਂ ਦੱਸਦੇ ਹੋਏ ਸੰਗਤਾਂ ਨੂੰ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਅਤੇ ਘੱਟ ਗਿਣਤੀ ਕੌਮ ਹੋਣ ਕਰਕੇ ਪੰਥਕ ਮੱਲ੍ਹਾਂ ਮਾਰਨ ਵਾਸਤੇ ਇੱਕ ਨਿਸ਼ਾਨ ਥੱਲੇ ਖਲੋਣ ਦਾ ਵੀ ਸੁਨੇਹਾ ਦਿੱਤਾ। ਧਾਰਮਿਕ ਸਟੇਜਾਂ ਤੋਂ ਕਿਸੇ ਵੀ ਪ੍ਰਕਾਰ ਦੀ ਸਿਆਸੀ ਪ੍ਰਚਾਰ ਨਾ ਕਰਨ ਦੀ ਵੀ ਉਨ੍ਹਾਂ ਨੇ ਵਚਨਬੱਧਤਾ ਦੁਹਰਾਈ। ਜੈਕਾਰਿਆਂ ਦੀ ਗੂੰਜ ਵਿੱਚ ਦੋਵੇਂ ਬਹਾਵਾਂ ਖੜੀਆਂ ਕਰਵਾ ਕੇ ਉਨ੍ਹਾਂ ਨੇ ਸੰਗਤਾਂ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਰਕਰਾਰ ਰੱਖਣ ਦਾ ਵੀ ਅਹਿਦ ਲਿਆ। ਪਾਕਿਸਤਾਨੀ ਅੰਬੈਸੀ ਦੇ ਅਧਿਕਾਰੀ ਜਨਾਬ ਅਬਰਾਰ ਹੁਸੈਨ ਹਾਸ਼ਮੀ, ਚੜ੍ਹਦੀ ਕਲਾ ਗਰੁੱਪ ਦੇ ਜਗਜੀਤ ਸਿੰਘ ਦਰਦੀ, ਐਵਰੈਸਟ ਫਤਿਹ ਕਰਨ ਵਾਲੇ ਗੁਰਇਬਾਦਤ ਸਿੰਘ, ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ, ਬੋਰਡ ਦੀ 12ਵੀਂ ਜਮਾਤ ‘ਚ ਪੰਜਾਬੀ ਵਿਸ਼ੇ ਵਿੱਚ 75 ਪ੍ਰਤੀਸ਼ਤ ਤੋਂ ਵੱਧ ਨੰਬਰ ਲੈਣ ਵਾਲੀਆਂ ਤਿੰਨ ਬੱਚੀਆਂ ਪ੍ਰਭਨੀਤ ਕੌਰ (94%), ਸ਼ਰਨਜੀਤ ਕੌਰ (94%) ਤੇ ਜਗਮੀਤ ਕੌਰ (92%) ਨੂੰ ਸਿਰੋਪਾਉ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਪਾਕਿਸਤਾਨ ਅੰਬੈਸੀ ਦੇ ਉਚ ਅਧਿਕਾਰੀ ਜਨਾਬ ਅਬਰਾਰ ਹੁਸੈਨ ਹਾਸ਼ਮੀ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਰਕਰਾਰ ਰੱਖਣ ਵਾਸਤੇ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਇੱਕ ਸਾਂਝਾ ਵਫ਼ਦ ਪਾਕਿਸਤਾਨ ਅਵੈਕਿਊ ਟਰੱਸਟ ਬੋਰਡ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਤਾਲਮੇਲ ਬਿਠਾਉਣ ਲਈ ਮਨਜ਼ੂਰੀ ਦੇਣ ਅਤੇ ਦਿੱਲੀ ਕਮੇਟੀ ਵੱਲੋਂ ਕਰਤਾਰਪੁਰ ਤੋਂ ਲਾਂਘਾ ਖੋਲ੍ਹਣ ਦੀ ਕੀਤੀ ਗਈ ਮੰਗ ਨੂੰ ਵੀ ਮਨਜ਼ੂਰ ਕਰਨ ਦਾ ਸੰਕੇਤ ਦਿੰਦੇ ਹੋਏ ਦਿੱਲੀ ਕਮੇਟੀ ਦਾ ਧੰਨਵਾਦ ਕੀਤਾ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ ਤੇ ਐਵਰੈਸਟ ਫਤਿਹ ਕਰਨ ਵਾਲੇ ਗੁਰਇਬਾਦਤ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਸਿੱਖਾਂ ਨੂੰ ਆਪਣਾ ਰੋਲ ਮਾਡਲ ਬਣਾਉਂਦੇ ਹੋਏ ਅੱਜ ਦੇ ਯੁੱਗ ਵਿੱਚ ਲੱਚਰ ਗਾਇਕੀ ਦੇ ਦਰਿਆ ਵਹਾ ਰਹੇ ਗਾਇਕਾਂ ਤੋਂ ਪ੍ਰੇਰਨਾ ਨਾ ਲੈਣ ਦੀ ਬੇਨਤੀ ਕੀਤੀ। ਇਸ ਮੌਕੇ ਸਟੇਜ ਦੀ ਸੇਵਾ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ ਅਤੇ ਗੁਰਬਚਨ ਸਿੰਘ ਚੀਮਾ ਨੇ ਨਿਭਾਈ ਤੇ ਮੀਤ ਪ੍ਰਧਾਨ ਤਨਵੰਤ ਸਿੰਘ, ਮੈਂਬਰ ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਜਸਬੀਰ ਸਿੰਘ ਜੱਸੀ, ਅਮਰਜੀਤ ਸਿੰਘ ਪੱਪੂ, ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ, ਜਥੇਦਾਰ ਸੁਰਜੀਤ ਸਿੰਘ, ਐਮ. ਪੀ. ਐੱਸ. ਚੱਢਾ, ਅਮਰਜੀਤ ਸਿੰਘ ਪਿੰਕੀ, ਮਨਮੋਹਨ ਸਿੰਘ, ਮਨਮਿੰਦਰ ਸਿੰਘ ਅਯੂਰ ਤੇ ਅਕਾਲੀ ਆਗੂ ਹਰਚਰਨ ਸਿੰਘ ਗੁਲਸ਼ਨ ਤੇ ਸੁਰਿੰਦਰਪਾਲ ਸਿੰਘ ਉਬਰਾਏ ਮੌਜੂਦ ਸਨ।