ਪੱਛਮੀ ਅਫ਼ਗ਼ਾਨਿਸਤਾਨ ‘ਚ 6.3 ਦੇ ਆਏ ਜ਼ੋਰਦਾਰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ, 1240 ਤੋਂ ਵੱਧ ਹੋਰ ਲੋਕ ਜ਼ਖ਼ਮੀ

ਇਸਲਾਮਾਬਾਦ, 8 ਅਕਤੂਬਰ – ਪੱਛਮੀ ਅਫ਼ਗ਼ਾਨਿਸਤਾਨ ਵਿੱਚ ਲੰਘੇ ਦਨਿ 6.3 ਦੇ ਆਏ ਜ਼ੋਰਦਾਰ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ ਹੋ ਗਈ ਹੈ ਜਦਕਿ 1240 ਤੋਂ ਵੱਧ ਹੋਰ ਲੋਕ ਜ਼ਖ਼ਮੀ ਹੋਏ ਹਨ।
ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਭੂਚਾਲ ਦੌਰਾਨ 1320 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਸੰਯੁਕਤ ਰਾਸ਼ਟਰ ਨੇ ਕਿਹਾ, ‘‘ਕੁਝ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੇ ਖ਼ਦਸ਼ਿਆਂ ਦਰਮਿਆਨ ਤਲਾਸ਼ ਤੇ ਬਚਾਅ ਕਾਰਜ ਜਾਰੀ ਹਨ। ਸਥਾਨਕ ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।’’ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਬੁਲਾਰੇ ਮੁਹੰਮਦ ਅਬਦੁੱਲਾ ਨੇ ਦੱਸਿਆ ਕਿ ਭੂਚਾਲ ਤੇ ਉਸ ਮਗਰੋਂ ਆਏ ਝਟਕਿਆਂ ਦਾ ਸਭ ਤੋਂ ਵੱਧ ਅਸਰ ਹੇਰਾਤ ਸੂਬੇ ਦੇ ਜ਼ੈਂਦਾ ਜਨ ਜ਼ਿਲ੍ਹੇ ਦੇ ਚਾਰ ਪਿੰਡਾਂ ’ਤੇ ਪਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਹੇਰਾਤ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ। ਇਸ ਮਗਰੋਂ 6.3, 5.9 ਤੇ 5.5 ਦੀ ਸ਼ਿੱਦਤ ਵਾਲੇ ਭੂਚਾਲ ਦੇ ਤਿੰਨ ਝਟਕੇ ਵੀ ਮਹਿਸੂਸ ਕੀਤੇ ਗਏ।
ਐਤਵਾਰ ਨੂੰ ਆਏ ਜ਼ੋਰਦਾਰ ਭੂਚਾਲ ਕਾਰਨ ਹੇਰਾਤ ਵਿੱਚ ਲੋਕਾਂ ਨੇ ਖੁਦ ਖੁਦਾਈ ਕਰ ਕੇ ਜ਼ਮੀਨ ਵਿੱਚ ਦਫਨ ਹੋਏ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਬਚੇ ਹੋਏ ਤੇ ਪੀੜਤ ਲੋਕ ਢਹਿ-ਢੇਰੀ ਹੋਈਆਂ ਇਮਾਰਤਾਂ ’ਚ ਫਸੇ ਹੋਏ ਸਨ। ਉਨ੍ਹਾਂ ਦੇ ਚਿਹਰੇ ਧੂੜ ਨਾਲ ਚਿੱਟੇ ਹੋਏ ਪਏ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿੱਚ ਲੋਕਾਂ ਨੂੰ ਗਰਦਨ ਤੱਕ ਮਲਬੇ ਵਿੱਚ ਦੱਬੀ ਹੋਈ ਇਕ ਬੱਚੀ ਨੂੰ ਬਚਾਉਂਦੇ ਦੇਖਿਆ ਗਿਆ ਹੈ।
ਸੂਚਨਾ ਤੇ ਸਭਿਆਚਾਰਕ ਮੰਤਰਾਲੇ ਦੇ ਤਰਜਮਾਨ ਅਬਦੁਲ ਵਾਹਿਦ ਰਿਆਨ ਨੇ ਦੱਸਿਆ ਕਿ ਹੇਰਾਤ ਵਿੱਚ ਭੂਚਾਲ ’ਚ ਮਰੇ ਲੋਕਾਂ ਦੀ ਗਿਣਤੀ ਸ਼ੁਰੂਆਤ ਵਿੱਚ ਦੱਸੀ ਗਈ ਗਿਣਤੀ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਤੁਰੰਤ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦੇ ਪਿੰਡ ਤਬਾਹ ਹੋ ਗਏ ਹਨ ਅਤੇ ਸੈਂਕੜੇ ਲੋਕ ਮਲਬੇ ਵਿੱਚ ਦੱਬੇ ਹੋਏ ਹਨ। ਰਿਆਨ ਨੇ ਕਿਹਾ, ‘‘2060 ਵਿਅਕਤੀਆਂ ਦੀ ਮੌਤ ਤੋਂ ਇਲਾਵਾ, 1240 ਹੋਰ ਲੋਕ ਜ਼ਖ਼ਮੀ ਹੋ ਗਏ ਹਨ ਅਤੇ 1320 ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ।’’
ਸੰਯੁਕਤ ਰਾਸ਼ਟਰ ਪਰਵਾਸੀ ਏਜੰਸੀ ਨੇ ਡਾਕਟਰਾਂ ਅਤੇ ਮਨੋ-ਸਮਾਜਿਕ ਸਹਿਯੋਗ ਕੌਂਸਲਰਾਂ ਸਣੇ ਚਾਰ ਐਂਬੂਲੈਂਸਾਂ ਖੇਤਰੀ ਹਸਪਤਾਲ ਵਿੱਚ ਤਾਇਨਾਤ ਕਰ ਦਿੱਤੀਆਂ ਹਨ। ਘੱਟੋ-ਘੱਟ ਤਿੰਨ ਹੋਰ ਮੋਬਾਈਲ ਸਿਹਤ ਟੀਮਾਂ ਜ਼ੈਂਦਾ ਜਨ ਜ਼ਿਲ੍ਹੇ ਵੱਲ ਰਵਾਨਾ ਹੋ ਚੁੱਕੀਆਂ ਹਨ। ਡਾਕਟਰਾਂ ਵੱਲੋਂ ਹੇਰਾਤ ਦੇ ਖੇਤਰੀ ਹਸਪਤਾਲ ਵਿੱਚ ਪੰਜ ਟੈਂਟ ਲਗਾ ਕੇ ਉੱਥੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹੁਣ ਤੱਕ 300 ਤੋਂ ਵੱਧ ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਅਫਗਾਨ ਰੈੱਡ ਕ੍ਰੀਸੈਂਟ ਸੁਸਾਇਟੀ ਦੇ ਇਕ ਤਰਜਮਾਨ ਇਰਫਾਨੁੱਲ੍ਹਾ ਸ਼ਰਾਫਜ਼ਈ ਨੇ ਕਿਹਾ ਕਿ ਸੱਤ ਟੀਮਾਂ ਬਚਾਅ ਕਾਰਜਾਂ ਵਿੱਚ ਜੁੱਟੀਆਂ ਹੋਈਆਂ ਹਨ, ਜਦਕਿ ਅੱਠ ਹੋਰ ਟੀਮਾਂ ਨੇੜਲੇ ਪ੍ਰਾਂਤਾਂ ਵਿੱਚੋਂ ਪਹੁੰਚ ਰਹੀਆਂ ਹਨ।