ਫਿਨਲੈਂਡ ਨਾਟੋ ਦਾ 31ਵਾਂ ਨਵਾਂ ਮੈਂਬਰ ਬਣਿਆ

ਬਰੱਸਲਜ਼, 5 ਅਪ੍ਰੈਲ – ਫਿਨਲੈਂਡ ਨਾਟੋ ਦਾ ਨਵਾਂ ਮੈਂਬਰ ਬਣ ਗਿਆ ਹੈ। ਉਹ ਇਸ ਫ਼ੌਜੀ ਗੱਠਜੋੜ ਵਿੱਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼ ਹੈ। ਇਸ ਸਬੰਧੀ 5 ਅਪ੍ਰੈਲ ਨੂੰ ਨਾਟੋ ਦੇ ਜਨਰਲ ਸਕੱਤਰ ਜੇਨਜ਼ ਸਟੋਲਟਨਬਰਗ ਨੇ ਐਲਾਨ ਕੀਤਾ। ਦੂਜੇ ਪਾਸੇ ਰੂਸ ਨੇ ਫਿਨਲੈਂਡ ਦੇ ਨਾਟੋ ਦਾ ਮੈਂਬਰ ਬਣਨ ‘ਤੇ ਨਾਰਾਜ਼ਗੀ ਜਤਾਉਂਦਿਆਂ ਇਸ ਨੂੰ ਰੂਸ ਦੀ ਸੁਰੱਖਿਆ ‘ਤੇ ਹਮਲਾ ਕਰਾਰ ਦਿੱਤਾ ਹੈ। ਫਿਨਲੈਂਡ ਦੇ ਨਾਟੋ ਮੈਂਬਰ ਬਣਨ ਨਾਲ ਰੂਸ ਨੂੰ ਵੱਡਾ ਝਟਕਾ ਲੱਗਿਆ ਹੈ। ਇਹ ਕਦਮ ਪੂਤਿਨ ਲਈ ਰਣਨੀਤਕ ਅਤੇ ਰਾਜਨੀਤਕ ਪੱਖੋਂ ਵੱਡਾ ਝਟਕਾ ਹੈ ਜੋ ਨਾਟੋ ਦੇ ਵਿਸਤਾਰ ‘ਤੇ ਸਮੇਂ ਸਮੇਂ ‘ਤੇ ਨਾਰਾਜ਼ਗੀ ਜਤਾਉਂਦਾ ਰਿਹਾ ਹੈ। ਫ਼ੌਜੀ ਗੱਠਜੋੜ ਦਾ ਕਹਿਣਾ ਹੈ ਕਿ ਇਸ ਤੋਂ ਮਾਸਕੋ ਨੂੰ ਕੋਈ ਖ਼ਤਰਾ ਨਹੀਂ ਹੈ। ਰੂਸ ਨੇ ਚਿਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਮੈਂਬਰੀ ਤੋਂ ਉੱਭਰੇ ਸੁਰੱਖਿਆ ਖ਼ਤਰਿਆਂ ਨਾਲ ਨਜਿੱਠਣ ਲਈ ਉਸ ਨੂੰ ਸੁਚਾਰੂ ਕਦਮ ਚੁੱਕਣੇ ਪੈਣਗੇ। ਮਾਸਕੋ ਨੇ ਇਹ ਵੀ ਕਿਹਾ ਕਿ ਜੇ ਨਾਟੋ ਆਪਣੇ 31ਵੇਂ ਮੈਂਬਰ ਦੇਸ਼ ਦੇ ਖੇਤਰ ‘ਚ ਫ਼ੌਜ ਜਾਂ ਹੋਰ ਸਾਜ਼ੋ ਸਾਮਾਨ ਦੀ ਤਾਇਨਾਤੀ ਕਰਦਾ ਹੈ ਤਾਂ ਫਿਨਲੈਂਡ ਦੀ ਸਰਹੱਦ ਨੇੜੇ ਉਸ ਨੂੰ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਫਿਨਲੈਂਡ ਦੀ ਰੂਸ ਨਾਲ 1340 ਕਿੱਲੋਮੀਟਰ ਦੀ ਸਰਹੱਦ ਲਗਦੀ ਹੈ।