ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੂੰ ‘ਗੋਲਡਨ ਗਲੋਬ’ ਐਵਾਰਡ

ਲਾਸ ਏਂਜਲਸ, 12 ਜਨਵਰੀ – ਐੱਸ ਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ (RRR) ਦੇ ‘ਨਾਟੂ ਨਾਟੂ’ ਗੀਤ ਨੂੰ ਓਰਜੀਨਲ ਗੀਤ ਵਰਗ ‘ਚ 2023 ਦੇ ‘ਗੋਲਡਨ ਗਲੋਬ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਤੇਲਗੂ ਗਾਣੇ ‘ਨਾਟੂ ਨਾਟੂ’ ਦੀ ਤਰਜ਼ ਉੱਘੇ ਸੰਗੀਤ ਨਿਰਦੇਸ਼ਕ ਐੱਮ ਐੱਮ ਕੀਰਾਵਾਨੀ ਨੇ ਤਿਆਰ ਕੀਤੀ ਹੈ ਅਤੇ ਗੀਤ ਕਾਲਾ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਗਾਇਆ ਹੈ।
ਇਸ ਗੀਤ ਦੇ ਖ਼ੂਬਸੂਰਤ ਬੋਲਾਂ ਨੇ ਟੇਲਰ ਸਵਿਫਟ, ਲੇਡੀ ਗਾਗਾ, ਰਿਹਾਨਾ ਆਦਿ ਉੱਘੇ ਗਾਇਕਾਂ ਦੀਆਂ ਨਾਮਜ਼ਦਗੀਆਂ ਨੂੰ ਪਛਾੜ ਦਿੱਤਾ। ਪਿਛਲੇ ਸਾਲ ਦੀ ਸਭ ਤੋਂ ਹਿੱਟ ਰਹੀ ਤੇਲਗੂ ਫਿਲਮ ‘ਬਿਹਤਰੀਨ ਫ਼ਿਲਮ-ਨਾਨ ਅੰਗਰੇਜ਼ੀ’ ਵਰਗ ‘ਚ ਵੀ ਨਾਮਜ਼ਦ ਸੀ ਪਰ ਇਹ ਐਵਾਰਡ ਦੀ ਦੌੜ ‘ਚੋਂ ਬਾਹਰ ਹੋ ਗਈ। ਬੀਤੇ ਦੋ ਦਹਾਕਿਆਂ ‘ਚ ਇਸ ਐਵਾਰਡ ਲਈ ਨਾਮਜ਼ਦ ਇਹ ਪਹਿਲੀ ਭਾਰਤੀ ਫਿਲਮ ਹੈ।
ਉੱਘੇ ਸੰਗੀਤ ਨਿਰਦੇਸ਼ਕ ਐੱਮ ਐੱਮ ਕੀਰਾਵਾਨੀ ਨੇ ਐਵਾਰਡ ਸਵੀਕਾਰ ਕਰਦਿਆਂ ਰਾਜਾਮੌਲੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ,”ਇਹ ਵਰ੍ਹਿਆਂ ਤੋਂ ਆਖਣ ਦੀ ਰਵਾਇਤ ਰਹੀ ਹੈ ਕਿ ਇਸ ਐਵਾਰਡ ਦਾ ਅਸਲ ਹੱਕਦਾਰ ਕੋਈ ਹੋਰ ਹੈ। ਮੈਂ ਇਹ ਸ਼ਬਦ ਨਾ ਬੋਲਣ ਦੀ ਯੋਜਨਾ ਬਣਾਈ ਸੀ ਪਰ ਜਦੋਂ ਮੈਨੂੰ ਇਹ ਐਵਾਰਡ ਮਿਲਿਆ ਤਾਂ ਮੁਆਫ਼ ਕਰਨਾ ਮੈਂ ਉਸੇ ਰਵਾਇਤ ਨੂੰ ਦੁਹਰਾਉਣ ਜਾ ਰਿਹਾ ਹਾਂ। ਇਸ ਐਵਾਰਡ ਦਾ ਹੱਕਦਾਰ ਮੇਰਾ ਭਰਾ ਅਤੇ ਫਿਲਮ ਦਾ ਡਾਇਰੈਕਟਰ ਐੱਸ ਐੱਸ ਰਾਜਾਮੌਲੀ ਹੈ। ਮੇਰੇ ਕੰਮ ‘ਚ ਲਗਾਤਾਰ ਭਰੋਸਾ ਜਤਾਉਣ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ”।
ਉਨ੍ਹਾਂ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ, ਗੀਤਕਾਰ ਚੰਦਰਬੋਸ ਅਤੇ ਗਾਇਕਾਂ ਸਿਪਲੀਗੰਜ ਅਤੇ ਭੈਰਵ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ‘ਮੈਂ ਐੱਨਟੀ ਰਾਮਾ ਰਾਓ ਜੂਨੀਅਰ ਅਤੇ ਰਾਮ ਚਰਨ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਗੀਤ ‘ਚ ਪੂਰੀ ਜਾਨ ਲਗਾ ਕੇ ਡਾਂਸ ਕੀਤਾ ਹੈ’।
ਫਿਲਮ ‘ਆਰਆਰਆਰ’ ਦੀ ਕਹਾਣੀ ਦੋ ਕ੍ਰਾਂਤੀਕਾਰੀਆਂ ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਨਾਲ ਸਬੰਧਿਤ ਹੈ। ਫਿਲਮ ‘ਚ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ਤੋਂ ਇਲਾਵਾ ਆਲੀਆ ਭੱਟ ਅਤੇ ਅਜੈ ਦੇਵਗਨ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਪਿਛਲੇ ਸਾਲ ਮਾਰਚ ‘ਚ ਰਿਲੀਜ਼ ਹੋਈ ਸੀ ਅਤੇ ਇਸ ਨੇ 1200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਦਾਕਾਰ ਅਮਿਤਾਭ ਬੱਚਨ, ਅਦਾਕਾਰਾ ਆਲੀਆ ਭੱਟ, ਅਦਾਕਾਰ ਚਿਰੰਜੀਵੀ, ਮਿਊਜ਼ਿਕ ਡਾਇਰੈਕਟਰ ਏ ਆਰ ਰਹਿਮਾਨ, ਅਦਾਕਾਰ ਅਕਸ਼ੈ ਕੁਮਾਰ ਅਤੇ ਕਈ ਹੋਰਾਂ ਕਲਾਕਾਰਾਂ ਤੇ ਰਾਜਨੀਤਿਕ ਹਸਤੀਆਂ ਨੇ ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੂੰ ਗੋਲਡਨ ਗਲੋਬ ਐਵਾਰਡ ਮਿਲਣ ‘ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵੱਕਾਰੀ ਸਨਮਾਨ ਮਿਲਣ ‘ਤੇ ਹਰੇਕ ਭਾਰਤੀ ਨੂੰ ਮਾਣ ਹੈ।