ਫਿਲਮ ‘ਜੱਟ ਮਾਫੀਆ’ ਰਾਹੀਂ ਸਮਾਜਿਕ ਮੁੱਦਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰੇਗਾ ਰਾਂਝਾ ਵਿਕਰਮ ਸਿੰਘ

ਪੰਜਾਬੀ ਫਿਲਮ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ। ਅੱਜ ਕੱਲ੍ਹ ਫ਼ਿਲਮਾਂ ਦਾ ਨਿਰਮਾਣ ਵੀ ਬਾਲੀਵੁੱਡ ਦੇ ਟੱਕਰ ਦਾ ਹੋਣ ਲੱਗਾ ਹੈ। ਮੁੰਬਈ ਦੇ ਕੁੱਝ ਅਦਾਕਾਰਾਂ ਸਦਕਾ ਇਹ ਸਭ ਸੰਭਵ ਹੋਇਆ ਹੈ। ਗੱਲ ਕਰਦੇ ਹਾਂ ਅਦਾਕਾਰ ਰਾਂਝਾ ਵਿਕਰਮ ਸਿੰਘ ਦੀ। ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਹਾਜ਼ਰੀ ਲਵਾਉਣ ਤੋਂ ਬਾਅਦ ਉਨ੍ਹਾਂ ਨੇ 2016 ਵਿੱਚ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਦੀ ਫਿਲਮ 25 ਕਿੱਲੇ ਤੋਂ ਆਪਣੀ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾ ਉਹ ਬਾਲੀਵੁੱਡ ਦੀਆਂ ਹੀਰੋਪੰਤੀ, ਯੇ ਰੱਬ, ਲਵ ਕਾ ਤੜਕਾ ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ‘ਜੱਟ ਮਾਫੀਆ’ ਚਰਚਾ ਦਾ ਵਿਸ਼ਾ ਹੈ। ਫਿਲਮ ਵਿੱਚ ਮੁੱਖ ਕਿਰਦਾਰਾਂ ਵਜੋਂ ਰਾਂਝਾ ਵਿਕਰਮ ਸਿੰਘ, ਸਿੰਘਾ, ਸਵੀਤਾਜ ਬਰਾੜ, ਸਾਰਾ ਗੁਰਪਾਲ, ਪ੍ਰਦੀਪ ਰਾਵਤ ਅਤੇ ਹੋਰ ਕਈ ਸਿਤਾਰੇ ਨਜ਼ਰ ਆਉਣਗੇ। 25 ਕਿੱਲੇ ਤੋਂ ਬਾਅਦ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਨਾਲ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਰਾਂਝਾ ਵਿਕਰਮ ਸਿੰਘ ਨੇ ਗੱਲ ਕਰ ਕਰਦੇ ਦੱਸਿਆ ਕਿ ਜਿਸ ਹਿਸਾਬ ਨਾਲ ਪੰਜਾਬੀ ਫਿਲਮ ਜਗਤ ਵਿੱਚ ਨਵੇਂ ਨਵੇਂ ਤਜ਼ਰਬੇ ਹੁੰਦੇ ਜਾ ਰਹੇ ਹਨ ਅਤੇ ਦਰਸ਼ਕਾਂ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਸਦਕਾ ਫਿਲਮ ਨਿਰਮਾਤਾਵਾਂ ਦਾ ਹੌਂਸਲਾ ਵਧਦਾ ਜਾ ਰਿਹਾ ਹੈ। ਉਹ ਆਪਣੀਆਂ ਫ਼ਿਲਮਾਂ ਨਾਲ ਲੋਕਾਂ ਨੂੰ ਇੱਕ ਚੰਗੇ ਦਰਜੇ ਦਾ ਸਿਨੇਮਾ ਦਿਖਾਉਣਾ ਚਾਹੁੰਦੇ ਹਨ। ਰਨਨਿੰਗ ਹੋਰਸਿਜ਼ ਅਤੇ ਓਰਿਯਨ ਸਟੂਡੀਓਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਪੋਸਟਰ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ। ਆਪਣੀ ਆਉਣ ਵਾਲੀ ਫਿਲਮ ਜੱਟ ਮਾਫੀਆ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਰੇਤੇ ਦੀ ਗ਼ੈਰ ਕਨੂੰਨੀ ਤਸਕਰੀ ਚਿਰਾਂ ਤੋਂ ਹੁੰਦੀ ਆ ਰਹੀ ਹੈ ਪਰ ਕਦੀ ਵੀ ਇਸ ਮੁੱਦੇ ਨੂੰ ਫ਼ਿਲਮੀ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੀ ਇਹ ਫਿਲਮ ਇਸ ਮੁੱਦੇ ਉੱਤੇ ਚਾਨਣਾ ਪਾਏਗੀ। ਲੋਕਾਂ ਲਈ ਇਹ ਬਿਲਕੁਲ ਨਵਾਂ ਤਜ਼ਰਬਾ ਹੋਵੇਗਾ। ਲੋਕ ਹੁਣ ਕੁੱਝ ਵੱਖਰੇ ਮੁੱਦਿਆਂ ਉੱਤੇ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ ਅਤੇ ਉਹ ਇਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਇਹ ਫਿਲਮ ਵੀ ਲੋਕਾਂ ਵੱਲੋਂ ਕਬੂਲ ਕੀਤੀ ਜਾਵੇਗੀ। ਫਿਲਮ ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ।
ਹਰਜਿੰਦਰ ਸਿੰਘ ਜਵੰਦਾ
ਮੋਬਾਈਲ: +91 9463828000