ਫੀਫਾ ਵਰਲਡ ਕੱਪ: ਦੂਜਾ ਵੱਡਾ ਉਲਟਫੇਰ ਕਰਦਿਆਂ ਜਾਪਾਨ ਨੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ 2-1 ਨਾਲ ਹਰਾਇਆ

ਦੋਹਾ, 23 ਨਵੰਬਰ – ਫੀਫਾ ਵਰਲਡ ਕੱਪ ਦੇ ਤੀਜੇ ਦਿਨ ਦੂਜਾ ਵੱਡਾ ਉਲਟਫੇਰ ਕਰਦਿਆਂ ਜਾਪਾਨ ਨੇ ਚਾਰ ਵਾਰ ਦੀ ਚੈਂਪੀਅਨ ਟੀਮ ਜਰਮਨੀ ਨੂੰ 2-1 ਗੋਲਾਂ ਨਾਲ ਹਰਾਇਆ। ਇਸ ਜਿੱਤ ਦਾ ਸਿਹਰਾ ਰਿਤਸੂ ਦੋਅਨ ਅਤੇ ਤਾਕੁਮਾ ਅਸਾਨੋ ਦੇ ਸਿਰ ਬੱਝਿਆ।
ਗਰੁੱਪ ਗੇੜ ‘ਈ’ ਦੇ ਮੈਚ ਦੌਰਾਨ ਜਾਪਾਨ ਨੇ ਇੱਕ ਗੋਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ। ਇਲਕੇ ਗੁੰਡੋਗਨ ਨੇ ਜਰਮਨੀ ਨੂੰ ਪਹਿਲੇ ਹਾਫ ਵਿੱਚ ਪੈਨਲਟੀ ’ਤੇ ਗੋਲ ਕਰ ਕੇ ਲੀਡ ਦਿਵਾਈ ਸੀ, ਪਰ ਜਾਪਾਨ ਨੇ ਦੂਜੇ ਹਾਫ ਦੇ ਆਖਰੀ ਮਿੰਟ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ ਨੂੰ ਪੂਰੀ ਤਰ੍ਹਾਂ ਨਾਲ ਪਲਟ ਦਿੱਤਾ। ਜਾਪਾਨ ਨੇ ਦੂਜੇ ਹਾਫ ਵਿੱਚ 7 ਮਿੰਟ ਦੇ ਅੰਦਰ ਦੋ ਗੋਲ ਕਰ ਕੇ ਯੂਰੋਪ ਦੀ ਮਜ਼ਬੂਤ ਟੀਮ ਨੂੰ ਸੋਚਾਂ ਵਿੱਚ ਪਾ ਦਿੱਤਾ। ਜਾਪਾਨ ਲਈ 75ਵੇਂ ਮਿੰਟ ਵਿੱਚ ਰਿਤਸੂ ਡੋਆਨ ਅਤੇ 83ਵੇਂ ਮਿੰਟ ਵਿੱਚ ਤਾਕੁਮਾ ਆਸਨੋ ਨੇ ਜਰਮਨੀ ਨੂੰ ਵੱਡਾ ਝਟਕਾ ਦਿੱਤਾ। ਫੀਫਾ ਵਰਲਡ ਕੱਪ ਦੇ ਗਰੁੱਪ ਈ ‘ਚ ਜਰਮਨੀ ‘ਤੇ ਜਾਪਾਨ ਦੀ ਇਹ ਇਤਿਹਾਸਕ ਜਿੱਤ ਹੈ।
ਮੈਚ ‘ਚ ਜਰਮਨੀ ਨੇ ਪਹਿਲੇ ਹਾਫ ‘ਚ ਸ਼ਾਨਦਾਰ ਸ਼ੁਰੂਆਤ ਕੀਤੀ। ਜਰਮਨੀ ਨੇ ਜਾਪਾਨ ਦੇ ਗੋਲ ਪੋਸਟ ‘ਤੇ ਹਮਲੇ ਜਾਰੀ ਰੱਖੇ ਅਤੇ 33ਵੇਂ ਮਿੰਟ ‘ਚ ਏਲਕਾਈ ਗੁੰਡੋਆਨ ਨੇ ਪੈਨਲਟੀ ਤੋਂ ਟੀਮ ਲਈ ਪਹਿਲਾ ਗੋਲ ਕੀਤਾ। ਹਾਲਾਂਕਿ ਇਸ ਤੋਂ ਬਾਅਦ ਜਰਮਨ ਟੀਮ ਮੌਕੇ ਬਣਾਉਣ ‘ਚ ਨਾਕਾਮ ਰਹੀ। ਇਸ ਦੌਰਾਨ ਕਈ ਵਾਰ ਜਰਮਨ ਖਿਡਾਰੀਆਂ ਨੇ ਜਾਪਾਨੀ ਕੈਂਪ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਡਿਫੈਂਸ ਦੇ ਖਿਡਾਰੀਆਂ ਨੇ ਵਿਰੋਧੀ ਦੀ ਹਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।