ਫੀਫਾ ਵਰਲਡ ਕੱਪ: ਪੁਰਤਗਾਲ ਨੇ ਸਵਿਟਜ਼ਰਲੈਂਡ ਨੂੰ 6-1 ਨਾਲ ਹਰਾਇਆ, ਪੁਰਤਗਾਲ 16 ਸਾਲਾਂ ਬਾਅਦ ਕੁਆਰਟਰ ਫਾਈਨਲ ‘ਚ

ਲੁਸੈਲ, 6 ਦਸੰਬਰ – ਪੁਰਤਗਾਲ ਨੇ ਆਖਰੀ-16 ਦੇ ਆਖਰੀ ਮੈਚ ‘ਚ ਸਵਿਟਜ਼ਰਲੈਂਡ ਨੂੰ 6-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੁਰਤਗਾਲ ਦਾ ਸਾਹਮਣਾ ਹੁਣ ਕੁਆਰਟਰ ਫਾਈਨਲ ਵਿੱਚ ਮੋਰੱਕੋ ਨਾਲ ਹੋਵੇਗਾ।
ਰੋਨਾਲਡੋ ਤੋਂ ਬਿਨਾਂ ਪੁਰਤਗਾਲ ਦੀ ਟੀਮ ਨੇ ਪਹਿਲੇ ਹਾਫ ਵਿੱਚ ਹੀ 2 ਗੋਲ ਕੀਤੇ। ਮੈਚ ਦੇ ਹੀਰੋ ਗੋਨਕਾਲੋ ਰਾਮੋਸ ਨੇ ਇਸ ਵਰਲਡ ਕੱਪ ਦੀ ਪਹਿਲੀ ਹੈਟ੍ਰਿਕ ਬਣਾਈ। ਉਸ ਨੇ ਪਹਿਲੇ ਹਾਫ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਪੇਪੇ ਨੇ ਗੋਲ ਕਰਕੇ ਬੜ੍ਹਤ ਦੁੱਗਣੀ ਕਰ ਦਿੱਤੀ।
ਦੂਜੇ ਹਾਫ ‘ਚ ਉਸ ਨੇ ਇਕ ਵਾਰ ਫਿਰ ਕਮਾਂਡ ਸੰਭਾਲੀ ਅਤੇ ਟੀਮ ਦੀ ਬੜ੍ਹਤ ਨੂੰ ਤਿੰਨ ਗੁਣਾ ਕਰ ਦਿੱਤਾ। ਇਸ ਤੋਂ ਬਾਅਦ ਗੁਆਰੇਰੋ ਨੇ ਚੌਥਾ ਗੋਲ ਕਰਕੇ ਮੈਚ ਨੂੰ ਇਕਤਰਫਾ ਕਰ ਦਿੱਤਾ। ਸਵਿਟਜ਼ਰਲੈਂਡ ਲਈ ਮੈਨੁਅਲ ਅਕਾਂਜੀ ਨੇ ਗੋਲ ਕਰਕੇ ਮੈਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਮੋਸ ਨੇ ਦਸ ਮਿੰਟਾਂ ਦੇ ਅੰਦਰ ਹੀ ਹੈਟ੍ਰਿਕ ਬਣਾ ਲਈ। ਕ੍ਰਿਸਟੀਆਨੋ ਰੋਨਾਲਡੋ ਨੂੰ ਆਖ਼ਰਕਾਰ ਬਦਲਵੇਂ ਖਿਡਾਰੀ ਵਜੋਂ 20 ਮਿੰਟ ਖੇਡਣ ਦਾ ਮੌਕਾ ਮਿਲਿਆ। ਇਸ ਦੌਰਾਨ ਉਸ ਨੇ ਇੱਕ ਗੋਲ ਵੀ ਕੀਤਾ ਪਰ ਇਹ ਆਫਸਾਈਡ ਕਾਰਨ ਆਊਟ ਹੋ ਗਿਆ। ਅੰਤ ਵਿੱਚ ਰਾਫੇਲ ਲਿਆਓ ਨੇ ਵਾਧੂ ਸਮੇਂ ਵਿੱਚ 6ਵਾਂ ਗੋਲ ਕਰਕੇ ਪੁਰਤਗਾਲ ਲਈ ਮੈਚ ਜਿੱਤ ਲਿਆ।