ਫੀਫਾ ਵਰਲਡ ਕੱਪ: ਸਪੇਨ ਨੂੰ ਹਰਾ ਕੇ ਮੋਰੱਕੋ ਪਹਿਲੀ ਵਾਰ ਕੁਆਰਟਰ ਫਾਈਨਲ ‘ਚ ਪੁੱਜਿਆ, ਪੈਨਲਟੀ ਸ਼ੂਟਆਊਟ ‘ਚ ਸਾਬਕਾ ਵਰਲਡ ਚੈਂਪੀਅਨ ਨੂੰ 3-0 ਨਾਲ ਹਰਾਇਆ

ਰੇਆਨ, 6 ਦਸੰਬਰ – ਮੋਰੱਕੋ ਨੇ ਫੁਟਬਾਲ ਵਰਲਡ ਕੱਪ ਦੇ ਪ੍ਰੀ-ਕੁਆਰਟਰਜ਼ ਫਾਈਨਲ ਵਿੱਚ ਵੱਡਾ ਫੇਰਬਦਲ ਕਰਦਿਆਂ ਮੰਗਲਵਾਰ ਨੂੰ ਇਥੇ 2010 ਦੀ ਚੈਂਪੀਅਨ ਸਪੇਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-0 ਨਾਲ ਹਰਾ ਕੇ ਅੰਤਿਮ 8 ਟੀਮਾਂ ਵਿੱਚ ਥਾਂ ਪੱਕੀ ਕੀਤੀ। ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਮੋਰੱਕੋ ਦਾ ਬਿਹਤਰੀਨ ਪ੍ਰਦਰਸ਼ਨ ਹੈ। ਮੋਰੱਕੋ ਇਸ ਤੋਂ ਪਹਿਲਾਂ 1986 ਵਿੱਚ ਪ੍ਰੀ ਕੁਆਰਟਰ ਫਾਈਨਲ ਵਿੱਚ ਪੁੱਜੀ ਸੀ।
ਮੈਚ ਦੇ ਨਿਯਮਿਤ ਅਤੇ ਮਗਰੋਂ ਵਾਧੂ ਸਮੇਂ ਵਿੱਚ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਾ ਕਰ ਸਕਣ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਮੋਰੱਕੋ ਦੇ ਗੋਲਕੀਪਰ ਯਾਸਿਨ ਬੋਨੋ ਨੇ ਬਿਹਤਰੀਨ ਬਚਾਅ ਕੀਤੇ। ਸ਼ੂਟਆਊਟ ਵਿੱਚ ਅਬਦੇਲਹਾਮਿਦ ਸਬੀਰੀ, ਹਕੀਮ ਜਿਯੇਚ ਅਤੇ ਅਸ਼ਰਫ਼ ਹਕੀਮੀ ਨੇ ਮੋਰੱਕੋ ਲਈ ਗੋਲ ਕੀਤੇ ਜਦੋਂ ਕਿ ਬਦਰ ਬੇਨੌਨ ਖੁੰਝ ਗਏ।
ਸਪੇਨ ਦੇ ਪਾਬਲੋ ਸੋਲੇਰ ਅਤੇ ਕਪਤਾਨ ਸਰਜੀਓ ਬੁਸਕੇਟਸ ਦੀ ਕਿੱਕ ਦੇ ਮੋਰੱਕੋ ਦੇ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤੇ। ਦੋਵਾਂ ਟੀਮਾਂ ਵਿਚਾਲੇ ਇਹ ਚੌਥਾ ਮੁਕਾਬਲਾ ਸੀ ਅਤੇ ਮੋਰੱਕੋ ਦੀ ਟੀਮ ਪਹਿਲੀ ਵਾਰ ਸਪੇਨ ਨੂੰ ਹਰਾਉਣ ਵਿੱਚ ਸਫ਼ਲ ਰਹੀ ਹੈ।
ਇਸ ਤੋਂ ਪਹਿਲਾਂ ਤਿੰਨ ਮੁਕਾਬਲਿਆਂ ਵਿੱਚ ਸਪੇਨ ਨੇ ਦੋ ਵਿੱਚ ਜਿੱਤ ਦਰਜ ਕੀਤੀ ਸੀ ਜਦੋਂ ਕਿ ਇਕ ਮੈਚ ਡਰਾਅ ਰਿਹਾ ਸੀ। ਸਪੇਨ ਦੀ ਟੀਮ ਦੂਜੀ ਵਾਰ ਵਰਲਡ ਕੱਪ ਦੇ ਪ੍ਰੀ-ਕੁਆਰਟਰਜ਼ ਫਾਈਨਲ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਹਾਰ ਕੇ ਬਾਹਰ ਹੋਈ ਹੈ। ਪਿਛਲੀ ਵਾਰ 2018 ਵਿੱਚ ਮੇਜ਼ਬਾਨ ਰੂਸ ਨੇ ਉਸ ਨੂੰ ਹਰਾਇਆ ਸੀ।