ਫੀਫਾ ਵੱਲੋਂ ਭਾਰਤੀ ਫੁਟਬਾਲ ਫੈਡਰੇਸ਼ਨ ਮੁਅੱਤਲ

ਨਵੀਂ ਦਿੱਲੀ, 16 ਅਗਸਤ – ਵਿਸ਼ਵ ਫੁੱਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਅੱਜ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਤੀਜੀ ਧਿਰ ਦੇ ਗ਼ੈਰਜ਼ਰੂਰੀ ਦਖ਼ਲ ਦਾ ਹਵਾਲਾ ਦਿੰਦਿਆਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਤੋਂ ਅਕਤੂਬਰ ’ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਹੱਕ ਖੋਹ ਲਿਆ ਹੈ। ਭਾਰਤ ਨੇ 11 ਤੋਂ 30 ਅਕਤੂਬਰ ਵਿਚਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਸੀ। ਪਿਛਲੇ 85 ਸਾਲਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਫੀਫਾ ਨੇ ਏਆਈਐੱਫਐੱਫ ’ਤੇ ਪਾਬੰਦੀ ਲਾਈ ਹੈ।