ਫੁੱਟਬਾਲ: ਨਿਊਜ਼ੀਲੈਂਡ ਤੇ ਚੀਨ ਵਿਚਾਲੇ ਮੈਚ 0-0 ‘ਤੇ ਡਰਾਅ, ਅਗਲਾ ਮੈਚ 26 ਮਾਰਚ ਦਿਨ ਐਤਵਾਰ ਨੂੰ ਵੈਲਿੰਗਟਨ ਵਿਖੇ ਹੋਵੇਗਾ

ਆਕਲੈਂਡ, 23 ਮਾਰਚ – ਇੱਥੇ ਨਿਊਜ਼ੀਲੈਂਡ ਦੀ ਆਲ ਵਾਈਟਸ ਟੀਮ ਤੇ ਚੀਨ ਵਿਚਾਲੇ ਹੋਇਆ ਮੈਚ ਡਰਾਅ ਰਿਹਾ, ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਆਲ ਵਾਈਟਸ ਦੀ ਟੀਮ ਪੂਰੇ ਮੈਚ ਦੌਰਾਨ ਇੱਕ ਗੋਲ ਦੀ ਭਾਲ ‘ਚ ਰਹੀ।
ਨਿਊਜ਼ੀਲੈਂਡ ਦੀ ਪੁਰਸ਼ ਫੁੱਟਬਾਲ ਟੀਮ ਨੂੰ ਆਖ਼ਰੀ ਵਾਰ ਗੋਲ ਕੀਤਿਆਂ ਲਗਭਗ ਇੱਕ ਸਾਲ ਹੋ ਗਿਆ ਹੈ, ਜਦੋਂ ਸੋਲੋਮਨ ਆਈਸਲੈਂਡ ਉੱਤੇ 5-0 ਦੀ ਜਿੱਤ ਦਰਜ ਕੀਤੀ ਸੀ। ਉਦੋਂ ਤੋਂ ਬਾਅਦ ਕਈ ਵਾਰ ਗੋਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਤੇ ਮੌਕੇ ਬਣਾਏ ਪਰ ਅੰਤਿਮ ਛੋਹਾਂ ‘ਚ ਗੋਲ ਕਰਨ ਤੋਂ ਨਾਕਾਮਯਾਬ ਰਹੀ।
ਇੱਥੇ ਰਾਤ ਮਾਊਂਟ ਸਮਾਰਟ ਸਟੇਡੀਅਮ ਵਿਖੇ ਚੀਨ ਦੇ ਖ਼ਿਲਾਫ਼ ਇਹ ਰੁਝਾਨ ਜਾਰੀ ਰਿਹਾ। ਜਦੋਂ ਕਿ ਆਲ ਵਾਈਟਸ ਦਾ ਖੇਡ ਦੇ ਬਹੁਤੇ ਸਮੇਂ ਦੌਰਾਨ ਕਬਜ਼ਾ ਸੀ ਪਰ ਉਸ ਦੇ ਖਿਡਾਰੀ ਗੋਲ ਨਾ ਕਰ ਸੱਕੇ, ਉਨ੍ਹਾਂ ਨੂੰ ਮਹਿਮਾਨ ਟੀਮ ਚੀਨ ਨਾਲ 0-0 ਉੱਤੇ ਡਰਾਅ ਖੇਡਿਆ। ਜ਼ਿਕਰਯੋਗ ਹੈ ਕਿ ਆਲ ਵਾਈਟਸ ਦਾ ਬਿਨਾਂ ਸਕੋਰ ਦੇ ਉਨ੍ਹਾਂ ਦਾ ਲਗਾਤਾਰ ਛੇਵਾਂ ਮੈਚ ਹੈ।
ਆਲ ਵਾਈਟ ਦੇ ਮੁੱਖ ਕੋਚ ਡੈਰੇਨ ਬੇਜ਼ਲੇ ਦੀ ਅਗਵਾਈ ‘ਚ ਉਨ੍ਹਾਂ ਦਾ ਪਹਿਲਾ ਮੈਚ ਸੀ। ਕੀਵੀ ਕਪਤਾਨ ਟੌਮੀ ਸਮਿਥ ਜੋ ਆਪਣਾ 50ਵਾਂ ਮੈਚ ਖੇਡ ਰਹੇ ਸਨ ਨੂੰ ਲਾਲ ਕਾਰਡ ਵੇਖਣਾ ਪਿਆ ਅਤੇ ਪੂਰੇ ਸਮੇਂ ਗੇਮ ਤੋਂ ਬਾਹਰ ਹੋਣਾ ਪਿਆ, ਜਿਸ ਦਾ ਖ਼ਮਿਆਜ਼ਾ ਮੇਜ਼ਬਾਨ ਟੀਮ ਨੂੰ ਚੀਨ ਨਾਲ ਡਰਾਅ ਖੇਡ ਕੇ ਭੁਗਤਣਾ ਪਿਆ।
ਹੁਣ ਦੋਵਾਂ ਟੀਮਾਂ ਵਿਚਾਲੇ ਅਗਲਾ ਮੈਚ 26 ਮਾਰਚ ਦਿਨ ਐਤਵਾਰ ਨੂੰ ਵੈਲਿੰਗਟਨ ਵਿਖੇ ਹੋਵੇਗਾ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।