ਬਲੈਕ ਕੈਪਸ ਬਨਾਮ ਇੰਗਲੈਂਡ: ਤੀਜੇ ਵਨਡੇ ‘ਚ ਇੰਗਲੈਂਡ ਦੇ ਬੈਨ ਸਟੋਕਸ ਦੇ 182 ਦੌੜਾਂ ਦੇ ਸਕੋਰ ਨਾਲ ਬਲੈਕ ਕੈਪਸ ‘ਤੇ ਵੱਡੀ ਜਿੱਤ ਦਰਜ ਕੀਤੀ

ਓਵਲ, 13 ਸਤੰਬਰ – ਮੇਜ਼ਬਾਨ ਇੰਗਲੈਂਡ ਦੇ ਖਿਡਾਰੀ ਬੈਨ ਸਟੋਕਸ ਵੱਲੋਂ ਆਪਣੇ ਦੇਸ਼ ਲਈ ਸਭ ਤੋਂ ਵੱਧ ਸਕੋਰ ਬਣਾਉਣ ਦੀ ਬਦੌਲਤ ਮਹਿਮਾਨ ਨਿਊਜ਼ੀਲੈਂਡ ਦੀ ਬਲੈਕ ਕੈਪਸ ਟੀਮ ਨੂੰ ਇੰਗਲੈਂਡ ਦੇ ਹੱਥੋਂ ਵਨਡੇ ਦੀ ਦੂਜੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੈਨ ਸਟੋਕਸ ਨੇ ਓਵਲ ਦੇ ਮੈਦਾਨ ‘ਚ ਸੀਰੀਜ਼ ਦੇ ਤੀਜੇ ਮੈਚ ‘ਚ 124 ਗੇਂਦਾਂ ‘ਤੇ 182 ਦੌੜਾਂ ਬਣਾਈਆਂ ਜਿਸ ਨਾਲ ਟੀਮ ਨੂੰ ਨਿਊਜ਼ੀਲੈਂਡ ‘ਤੇ 181 ਦੌੜਾਂ ਦੀ ਜਿੱਤ ਪ੍ਰਾਪਤ ਹੋਈ।
ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਇਕਲੌਤਾ ਖਿਡਾਰੀ ਹੈ, ਜਿਸ ਨੇ ਮੈਚ ਦੀ ਪਹਿਲੀ ਗੇਂਦ ‘ਤੇ ਜੌਨੀ ਬੇਅਰਸਟੋ ਨੂੰ ਆਊਟ ਕਰਨ ਸਮੇਤ 51 ਦੌੜਾਂ ਦੇ ਕੇ 5 ਲੈਣ ਤੋਂ ਬਾਅਦ 6ਵੀਂ ਬਾਰ 5 ਵਿਕਟਾਂ ਲਈਆਂ ਅਤੇ ਸਰ ਰਿਚਰਡ ਹੈਡਲੀ ਨੂੰ ਨਿਊਜ਼ੀਲੈਂਡ ਦੇ ਵੱਲੋਂ ਸਭ ਤੋਂ ਵੱਧ ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਜਦੋਂ ਕਿ ਬੈਨ ਸਟੋਕਸ ਨੇ 2018 ਵਿੱਚ ਮੈਲਬੋਰਨ ‘ਚ ਆਸਟਰੇਲੀਆ ਦੇ ਖ਼ਿਲਾਫ਼ ਹਮਵਤਨ ਖਿਡਾਰੀ ਜੇਸਨ ਰਾਏ ਦੁਆਰਾ ਬਣਾਈਆਂ 180 ਸਰਵੋਤਮ ਦੌੜਾਂ ਦੇ ਰਿਕਾਰਡ ਨੂੰ ਪਿੱਛ ਛੱਡ ਦਿੱਤਾ ਅਤੇ 50 ਓਵਰਾਂ ਦੇ ਫਾਰਮੈਟ ‘ਚ ਹੁਣ ਤੱਕ ਦਾ 24ਵਾਂ ਸਭ ਤੋਂ ਉੱਚਾ ਵਿਅਕਤੀਗਤ ਦੌੜਾਂ ਬਣਾਈਆਂ ਹਨ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.1 ਓਵਰ ‘ਚ 368 ਦੌੜਾਂ ਬਣਾਈਆਂ, ਜਿਸ ‘ਚ ਬੈਨ ਸਟੋਕਸ ਨੇ ਆਪਣੀ 124 ਗੇਂਦਾਂ ‘ਤੇ 182 ਦੌੜਾਂ ਦੀ ਪਾਰੀ ‘ਚ 9 ਛਿੱਕੇ ਅਤੇ 15 ਚੌਕੇ ਲਗਾਏ। ਇਸ ਤੋਂ ਇਲਾਵਾ ਮਲਾਨ ਨੇ 1 ਛਿੱਕੇ ਅਤੇ 12 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ ਅਤੇ ਬਟਲਰ ਨੇ 38 ਦੌੜਾਂ ਦੀ ਪਾਰੀ ਖੇਡੀ। ਬਲੈਕ ਕੈਪਸ ਵੱਲੋਂ ਗੇਂਦਬਾਜ਼ ਟ੍ਰੇਂਟ ਬੋਲਟ ਨੇ 5 (51), ਲਿਸਟਰ ਨੇ 3 (69), ਟੋਪਲੀ ਨੇ 2 (31) ਅਤੇ ਫਰਗੂਸਨ ਤੇ ਫਿਲਿਪਸ ਨੇ 1-1 ਵਿਕਟ ਲਿਆ।
ਇੰਗਲੈਂਡ ਵੱਲੋਂ ਮਿਲੇ 369 ਦੌੜਾਂ ਦੇ ਵੱਡੇ ਸਕੋਰ ਅੱਗੇ ਨਿਊਜ਼ੀਲੈਂਡ ਟੀਮ 39.0 ਓਵਰ ‘ਚ 187 ਦੌੜਾਂ ਬਣਾ ਕੇ ਜਲਦੀ ਹੀ ਢੇਰ ਹੋ ਗਈ ਅਤੇ 181 ਦੌੜਾਂ ਨਾਲ ਹਾਰ ਗਈ। ਬਲੈਕ ਕੈਪਸ ਵੱਲੋਂ ਗਲੇਨ ਫਿਲਿਪਸ ਨੇ 76 ਗੇਂਦਾਂ ‘ਤੇ 72 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਇਲਾਵਾ ਰਵਿੰਦਰਾ ਨੇ 28, ਮਿਸ਼ੇਲ ਨੇ 17 ਤੇ ਜੈਮੀਸਨ ਨੇ 14 ਦੌੜਾਂ ਦੀ ਪਾਰੀ ਖੇਡੀ।
ਗੌਰਤਲਬ ਹੈ ਕਿ ਮਹਿਮਾਨ ਬਲੈਕ ਕੈਪਸ ਟੀਮ ਹੁਣ ਸਿਰਫ਼ ਸੀਰੀਜ਼ ਡਰਾਅ ਕਰ ਸਕਦੀ ਹੈ, ਕਿਉਂਕਿ ਮੇਜ਼ਬਾਨ ਟੀਮ ਇੰਗਲੈਂਡ 2-1 ਨਾਲ ਅੱਗੇ ਹੈ ਅਤੇ 15 ਸਤੰਬਰ ਦਿਨ ਸ਼ੁੱਕਰਵਾਰ ਨੂੰ ਲਾਰਡਸ ‘ਚ ਫਾਈਨਲ ਤੇ ਆਖ਼ਰੀ ਮੈਚ ਹੈ। ਦੋਵੇਂ ਟੀਮਾਂ ਵਿਚਾਲੇ ਖੇਡੀ ਗਈ ਹਾਲੀਆ ਟੀ-20 ਸੀਰੀਜ਼ 2-2 ਨਾਲ ਡਰਾਅ ਰਹੀ ਸੀ।
ਜ਼ਿਕਰਯੋਗ ਹੈ ਕਿ ਇੰਡੀਆ ‘ਚ ਅਗਲੇ ਮਹੀਨੇ ਹੋਣ ਵਾਲੇ ਵਨਡੇ ਵਰਲਡ ਕੱਪ ਦੇ ਮੈਚ ਦੌਰਾਨ 5 ਅਕਤੂਬਰ ਨੂੰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤੇ ਆਪਸ ‘ਚ ਭਿੜਨਗੀਆਂ।