ਬਾਦਲ ਧੜੇ ਨੇ ਦਿੱਲੀ ਗੁਰਦੁਆਰਾ ਚੋਣਾਂ ‘ਚ ਸਰਨੇ ਨੂੰ ਢਾਹਿਆ

ਨਵੀਂ ਦਿੱਲੀ – 27 ਜਨਵਰੀ ਨੂੰ ਹੋਈਆਂ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਧੜੇ ਨੇ ਸਰਨਾ ਧੜੇ ਨੂੰ ਬੁਰੀ ਤਰ੍ਹਾਂ ਨਾਲ ਮਾਤ ਦਿੱਤੀ ਹੈ, ਜਿਸ ਨਾਲ ਸਰਨਾ ਧੜਾ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਿਹਾ ਹੈ। ਦਿੱਲੀ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਆਪਣੇ ਵਾਡ ਨੰ. 25 ਤੋਂ ਆਪਣੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਤੋਂ 4454 ਵੋਟਾਂ ਦੇ ਵੱਡੇ ਫਰਕ ਤੋਂ ਹਾਰੇ ਹਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਦਿੱਲੀ ਵਿਚਾਲੇ ਸਿੱਧੀ ਟੱਕਰ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੇ ਫਰਕ ਨਾਲ ਬਾਜ਼ੀ ਮਾਰ ਗਿਆ ਹੈ। 46 ਸੀਟਾਂ ‘ਤੇ ਹੋਈਆਂ ਚੋਣਾਂ ਵਿਚੋਂ 37 ਸੀਟਾਂ ‘ਤੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਜਿੱਤ ਮਿਲੀ ਜਦੋਂ ਕਿ ਸਰਨਾ ਧੜੇ ਨੂੰ ਸਿਰਫ਼ 8 ਸੀਟਾਂ ‘ਤੇ ਹੀ ਸਬਰ ਕਰਨਾ ਪਿਆ ਅਤੇ 1 ਸੀਟ ਕਾਂਗਰਸ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਵਲੋਂ ਬਣਾਈ ‘ਕੇਂਦਰੀ ਗੁਰੂ ਸਿੰਘ ਸਭਾ’ ਨੂੰ ਹਾਸਿਲ ਹੋਈ।
ਬਾਦਲ ਧੜੇ ਦੇ ਸਾਰੇ ਪ੍ਰਮੁੱਖ ਉਮੀਦਵਾਰ ਮਨਜੀਤ ਸਿੰਘ ਜੀ. ਕੇ., ਦਲਜੀਤ ਕੌਰ ਕਾਲੜਾ, ਹਰਮੀਤ ਸਿੰਘ ਕਾਲਕਾ, ਓਂਕਾਰ ਸਿੰਘ ਥਾਪਰ, ਗੁਰਲਾਡ ਸਿੰਘ ਕਾਹਲੋਂ, ਅਮਰਜੀਤ ਪੱਪੂ, ਜਸਵੀਰ ਸਿੰਘ ਜੱਸੀ, ਕੁਲਵੰਤ ਸਿੰਘ ਬਾਠ, ਸਤਪਾਲ ਸਿੰਘ ਨਾਮਧਾਰੀ,  ਗੁਰਮੀਤ ਸਿੰਘ ਮੀਤਾ, ਗੁਰਬਖਸ਼ ਸਿੰਘ ਮੋਨਟੂ ਸ਼ਾਹ, ਰਵੇਲ ਸਿੰਘ, ਮਨਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ. ਪੀ., ਅਵਤਾਰ ਸਿੰਘ, ਮਨਜਿੰਦਰ ਸਿੰਘ ਨਾਰੰਗ, ਇੰਦਰਜੀਤ ਸਿੰਘ ਮੋਂਟੀ ਅਤੇ ਐਸ. ਪੀ. ਐਸ. ਚੱਢਾ ਆਦਿ ਨੇ  ਜਿੱਤਾਂ ਹਾਸਿਲ ਕੀਤੀਆਂ। ਇਸ ਜਿੱਤ ਨੂੰ ਬਾਦਲ ਧੜੇ ਦੀ ਇਤਿਹਾਸਕ ਜਿੱਤ ਵੀ ਕਿਹਾ ਜਾ ਸਕਦਾ ਹੈ ਜੋ ਇੰਜੇ ਵੱਡੇ ਫਰਕ ਤੋਂ ਜਿੱਤੇ ਹਨ। ਹੁਣ ਵੇਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸ ਤਰ੍ਹਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਕਰਦਾ ਹੈ ਤੇ ਸਿੱਖੀ ਦਾ ਕਿਸ ਪੱਧਰ ਤੱਕ ਪ੍ਰਚਾਰ ਤੇ ਪਸਾਰ ਕਰਨ ਦੇ ਨਾਲ ਸਿਖਿਆ ਦੇ ਡਿੱਗੇ ਮਿਆਰ ਨੂੰ aੁੱਚਾ ਚੁੱਕਦਾ ਹੈ।