ਬਾਬਾ ਬੁੱਢਾ ਵੰਸ਼ਜ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵੇ ਜਗਾਉਣ ਉਪਰੰਤ ਸ਼ਬਦ ਚੌਂਕੀ ਸਜਾਈ ਗਈ

ਅੰਮ੍ਰਿਤਸਰ ਸਾਹਿਬ, 24 ਸਤੰਬਰ (ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ) – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419 ਸਾਲਾ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਦੂਸਰੀ ਵਾਰ ਸੰਗਤਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁਖ ਭੰਜਨੀ ਬੇਰੀ ਦੇ ਨਜ਼ਦੀਕ ਅਠਸਠਿ ਅਸਥਾਨ ‘ਤੇ 419 ਦੀਵਿਆਂ ਨਾਲ “419 ਸਾਲਾ ਪ੍ਰਕਾਸ਼ ਪੁਰਬ” ਦੀ ਅਕ੍ਰਿਤੀ ਬਣਾਕੇ ਸਿਮਰਨ ਕਰਦੇ ਹੋਏ ਦੀਵੇ ਜਗਾਏ ਗਏ।
ਸ੍ਰੀ ਹਰਮਿੰਦਰ ਸਾਹਿਬ ਵਿਖੇ ਹੁੰਦੀ ਰਹਿਰਾਸ ਸਾਹਿਬ ਦੀ ਸਮਾਪਤੀ ਤੋਂ ਬਾਅਦ ਪ੍ਰੋ: ਬਾਬਾ ਰੰਧਾਵਾ ਨੇ ਸੰਗਤਾਂ ਨੂੰ ਜਪੁਜੀ ਸਾਹਿਬ ਦੇ ਪਾਠ ਕਰਵਾਉਣ ਤੋਂ ਬਾਅਦ ਦੋ ਘੰਟੇ ਸਤਿਨਾਮੁ ਵਾਹਿਗੁਰੂ ਦੇ ਜਾਪ ਕਰਵਾਏ। ਸਿਮਰਨ ਕਰਦੇ ਹੋਏ ਸੰਗਤਾਂ ਨੇ 419 ਦੀਵਿਆਂ ਦੀ ਅਕ੍ਰਿਤੀ ਬਣਾਉਣ ਦੀ ਸੇਵਾ ਨਿਭਾਈ । ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਪਹਿਲੇ 7 ਦੀਵੇ ਜਗਾਉਣ ਦੀ ਰਸਮ ਵਿੱਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਦੇ ਨਾਲ ਭਾਈ ਸੰਤਾ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਜਤਿੰਦਰ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਸ਼ੇਰ ਸਿੰਘ ਅਤੇ ਭਾਈ ਮਨਜੀਤ ਸਿੰਘ ਸ਼ਾਮਲ ਸਨ। ਬਾਕੀ ਦੀਵੇ ਸੰਗਤਾਂ ਵਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਕਰਦੇ ਹੋਏ ਜਗਾਏ ਗਏ। ਜਦ 419 ਦੀਵਿਆਂ ਦੀ ਬਣਾਈ ਅਕ੍ਰਿਤੀ ਦੇ ਸਾਰੇ ਦੀਵੇ ਜਗ ਗਏ ਤਾਂ ਸੰਗਤਾਂ ਨੇ ਪ੍ਰੋ: ਬਾਬਾ ਰੰਧਾਵਾ ਅਤੇ ਇਕ ਦੂਸਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419 ਸਾਲਾ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।ਦੀਵੇ ਜਗਾਉਣ ਉਪਰੰਤ ਪ੍ਰੋ: ਬਾਬਾ ਰੰਧਾਵਾ ਵਲੋਂ ਸ਼ਬਦ ਚੌਂਕੀ ਸਜਾਉਣ ਸਮੇਂ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦੇ ਸਰੋਵਰ ਦੀਆਂ ਪ੍ਰਕਰਮਾ ਕੀਤੀਆਂ ਗਈਆਂ।