ਬਾਲੀਵੁੱਡ ਗਾਇਕ ਕੇਕੇ ਦਾ ਦੇਹਾਂਤ, ਲਾਈਵ ਕੰਸਰਟ ਦੌਰਾਨ ਦਿਲ ਦਾ ਦੌਰਾ ਪਿਆ

ਕੋਲਕਾਤਾ, 31 ਮਈ – ਅੱਜ ਬਾਲੀਵੁੱਡ ਗਾਇਕ ਕੇਕੇ (ਕ੍ਰਿਸ਼ਨ ਕੁਮਾਰ ਕੁੰਨਥ) ਦਾ ਕੋਲਕਾਤਾ ਵਿੱਚ ਲਾਈਵ ਕੰਸਰਟ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਬਾਲੀਵੁੱਡ, ਸੰਗੀਤ ਜਗਤ, ਉਨ੍ਹਾਂ ਦੇ ਫੈਨਸ ਤੋਂ ਲੈ ਕੇ ਸੈਲੀਬ੍ਰਿਟੀ ਤੱਕ ਸਭ ਨੂੰ ਝੱਟਕਾ ਲੱਗਾ ਹੈ।
53 ਸਾਲਾ ਗਾਇਕ ਕੇਕੇ ਸਾਊਥ ਕੋਲਕਾਤਾ ਵਿੱਚ ਇੱਕ ਕੰਸਰਟ ਵਿੱਚ ਪੇਸ਼ਕਾਰੀ ਦੇ ਰਿਹਾ ਸੀ। ਉਸ ਸਮੇਂ ਉਹ ਸਟੇਜ ‘ਤੇ ਹੀ ਸੀ ਜਦੋਂ ਉਸ ਦੀ ਸਿਹਤ ਵਿਗੜ ਗਈ। ਉਹ ਬੇਹੋਸ਼ ਹੋ ਕੇ ਸਟੇਜ ‘ਤੇ ਹੀ ਡਿੱਗ ਪਿਆ। ਉਸ ਦੀ ਹਸਪਤਾਲ ਲਿਜਾਉਣ ਸਮੇਂ ਮੌਤ ਹੋ ਗਈ। ਕੇਕੇ ਅਜਿਹਾ ਗਾਇਕ ਸੀ, ਜਿਨ੍ਹਾਂ ਦੇ ਗੀਤ ਸਦਾ ਬਹਾਰ ਹਨ, ਜੀਵੇਂ ‘ਖ਼ੁਦਾ ਜਾਨੇ’, ‘ਇਟਸ ਦ ਟਾਈਮ ਟੂ ਡਿਸਕੋ’ ਅਤੇ ‘ਕੋਈ ਕਹੇ ਕਹਿਤਾ ਰਹੇ’ ਆਦਿ ਗੀਤ ਹਰ ਵਰਗ ਵੱਲੋਂ ਪਸੰਦ ਕੀਤੇ ਗਏ।
ਮਾਚਿਸ ਦੇ ਗਾਣੇ ਨਾਲ ਬਾਲੀਵੁੱਡ ‘ਚ ਡੇਬਿਊ ਕੀਤਾ
ਗਾਇਕ ਕੇਕੇ ਨੂੰ ਬਾਲੀਵੁੱਡ ਵਿੱਚ ਪਹਿਲਾ ਬ੍ਰੇਕ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਹਮ ਦਿਲ ਦੇ ਚੁੱਕੇ ਸਨਮ’ ਦੇ ਗਾਣੇ ‘ਤੜਫ਼ ਤੜਫ਼’ ਤੋਂ ਮਿਲਿਆ ਸੀ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਫਿਲਮ ‘ਮਾਚਿਸ’ ਦੇ ਗਾਣੇ ‘ਛੋੜ ਆਏ ਹਮ ਜੇ ਗਲੀਆਂ’ ਵਿੱਚ ਇੱਕ ਛੋਟਾ ਜਿਹਾ ਹਿੱਸਾ ਗਾਇਆ ਸੀ।
ਕੇਕੇ ਨੇ ਬਾਲੀਵੁੱਡ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਹੀ ਵਿਆਹ ਕਰ ਲਿਆ ਸੀ। ਉਨ੍ਹਾਂ ਨੇ ਬਚਪਨ ਦੇ ਪਿਆਰ ਜੋਤੀ ਨਾਲ 1991 ਵਿੱਚ ਵਿਆਹ ਕੀਤਾ। ਉਨ੍ਹਾਂ ਦਾ ਪੁੱਤਰ ਨਕੁਲ ਕ੍ਰਿਸ਼ਨ ਕੁੰਨਥ ਵੀ ਇੱਕ ਸਿੰਗਰ ਹੈ। ਨਕੁਲ ਨੇ ਕੇਕੇ ਨਾਲ ਉਨ੍ਹਾਂ ਦੇ ਐਲਬਮ ‘ਹਮਸਫ਼ਰ’ ਦਾ ਇੱਕ ਗਾਣਾ ਗਾਇਆ ਸੀ। ਕੇਕੇ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਤਮਾਰਾ ਹੈ।
ਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਸਨ ਕੇਕੇ
ਬਾਲੀਵੁੱਡ ਗਾਇਕ ਕੇਕੇ ਦੇ ਪੈਰੰਟਸ ਮੂਲ ਰੂਪ ‘ਚ ਮਲਯਾਲੀ ਸਨ। ਉਨ੍ਹਾਂ ਦਾ ਜਨਮ 23 ਅਗਸਤ 1968 ਨੂੰ ਦਿੱਲੀ ਵਿੱਚ ਹੋਇਆ ਸੀ। ਕੇਕੇ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀਮਲ ਕਾਲਜ ਤੋਂ ਕਾਮਰਸ ਵਿੱਚ ਗਰੈਜੂਏਸ਼ਨ ਕੀਤਾ ਸੀ। ਪੜ੍ਹਾਈ ਦੇ ਦੌਰਾਨ ਹੀ ਕੇਕੇ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਲਗਭਗ 6 ਮਹੀਨੇ ਮਾਰਕੀਟਿੰਗ ਐਗਜ਼ੀਕਿਊਟਿਵ ਦੇ ਤੌਰ ‘ਤੇ ਨੌਕਰੀ ਕਰਨ ਦੇ ਬਾਅਦ ਕੇਕੇ ਸਿੰਗਿੰਗ ਵਿੱਚ ਆਪਣਾ ਕੈਰੀਅਰ ਬਣਾਉਣ ਲਈ 1994 ਵਿੱਚ ਮੁੰਬਈ ਚਲੇ ਗਏ ਸਨ। ਕੇਕੇ ਨੇ ਸ਼ੁਰੂਆਤ ਵਿੱਚ ਇਸ਼ਤਿਹਾਰਾਂ ਦੇ ਜਿੰਗਲਸ ਗਾਣੇ ਸ਼ੁਰੂ ਕੀਤਾ ਸੀ। ਆਪਣੇ ਸਿੰਗਿੰਗ ਕੈਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 4 ਸਾਲ ਵਿੱਚ ਕੇਕੇ ਨੇ 11 ਵੱਖ-ਵੱਖ ਭਾਸ਼ਾਵਾਂ ਵਿੱਚ 3500 ਤੋਂ ਜ਼ਿਆਦਾ ਜਿੰਗਲਸ ਨੂੰ ਆਪਣੀ ਅਵਾਜ਼ ਦਿੱਤੀ ਸੀ।
ਸੰਗੀਤਕਾਰ ਏਆਰ ਰਹਿਮਾਨ ਨੇ ਦਿੱਤਾ ਸੀ ਪਹਿਲਾ ਬ੍ਰੇਕ
ਕੇਕੇ ਨੂੰ ਪਲੇਬੈਕ ਸਿੰਗਰ ਦੇ ਤੌਰ ‘ਤੇ ਸਭ ਤੋਂ ਪਹਿਲਾਂ ਮਸ਼ਹੂਰ ਸੰਗੀਤਕਾਰ ਏਆਰ ਰਹਿਮਾਨ ਨੇ ਬ੍ਰੇਕ ਦਿੱਤਾ ਸੀ। ਉਨ੍ਹਾਂ ਨੇ ਤਾਮਿਲ ਫਿਲਮ ‘ਕਧਾਲ ਦੇਸ਼ਮ’ ਦੇ ਸੁਪਰਹਿੱਟ ਗਾਣੇ ‘ਕੱਲੂਰੀ ਸਾਲਏ’ ਨੂੰ ਆਪਣੀ ਅਵਾਜ਼ ਦਿੱਤੀ ਸੀ। ਇਸ ਦੇ ਬਾਅਦ ਜਦੋਂ ਸਾਲ 1999 ਵਿੱਚ ਸੋਨੀ ਮਿਊਜ਼ਿਕ ਨੇ ਕੇਕੇ ਦੀ ਪਹਿਲੀ ਐਲਬਮ ਲਾਂਚ ਕੀਤੀ ਤਾਂ ਉਹ ਰਾਤੋਂ ਰਾਤ ਮਸ਼ਹੂਰ ਹੋ ਗਏ। ਉਨ੍ਹਾਂ ਦੇ ਗਾਣੇ ‘ਪਲ ਰਹੇ ਜਾਂ ਨਾ ਰਹੇ ਕੱਲ੍ਹ’, ‘ਆਪਕੀ ਦੁਆ’ ਅਤੇ ‘ਯਾਰੋਂ’ ਨੌਜਵਾਨਾਂ ਵਿੱਚ ਬੇਹੱਦ ਪਾਪਿਉਲਰ ਹੋ ਗਏ।
ਇਨ੍ਹਾਂ ਸੁਪਰਹਿੱਟ ਗਾਣਿਆਂ ਨੂੰ ਦਿੱਤੀ ਅਵਾਜ਼
ਬਾਲੀਵੁੱਡ ਗਾਇਕ ਕੇਕੇ ਦੇ ਪਾਪਿਉਲਰ ਗਾਣਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ ਹਮ ਦਿਲ ਦੇ ਚੁੱਕੇ ਸਨਮ ਦਾ ਗਾਣਾ ‘ਤੜਫ਼ ਤੜਫ਼ ਕੇ ਇਸ ਦਿਲ ਸੇ ਆਹ ਨਿਕਲਤੀ ਰਹੀ’, ਹਮਰਾਜ਼ ਦਾ ‘ਬਰਦਾਸ਼ਤ ਨਹੀਂ ਕਰ ਸਕਤਾ’, ਦਸ ਦਾ ‘ਦਸ ਬਹਾਨੇ ਕਰਕੇ ਲੈ ਗਏ ਦਿਲ’, ਓਮ ਸ਼ਾਂਤੀ ਓਮ ਦਾ ‘ਅੱਖੋਂ ਮੇ ਤੇਰੀ ਅਜਬ ਸੀ ਅਦਾਏ ਹੈ’, ਜੰਨਤ ਦਾ ‘ਜਰਾ ਸੀ ਦਿਲ ਮੇ ਦੇ ਜਗ੍ਹਾ ਤੂੰ’, ਬਚਨਾ ਐ ਹਸੀਨਾਂ ਦਾ ‘ਖ਼ੁਦਾ ਜਾਨੇ’, ਗੈਂਗਸਟਰ ਦਾ ‘ਤੂੰ ਹੀ ਮੇਰੀ ਸ਼ਬ ਹੈ’ ਵਰਗੇ ਸੁਪਰਹਿੱਟ ਗਾਣਿਆਂ ਨੂੰ ਆਪਣੀ ਅਵਾਜ਼ ਦਿੱਤੀ ਹੈ।