ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਸਜ਼ਾ ਮੁਆਫੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਅੰਦਰ ਸੁਣਵਾਈ ਹੋਈ ਪੂਰੀ, ਫੈਸਲਾ ਰਖਿਆ ਗਿਆ ਰਾਖਵਾਂ

ਨਵੀਂ ਦਿੱਲੀ 12 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ) – ਗੁਜਰਾਤ ਅੰਦਰ ਵਾਪਰੇ ਗੋਧਰਾ ਕਾਂਡ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਬੀਵੀ ਨਾਗਰਥਨਾ ਅਤੇ ਉਜਲ ਭੂਯਾਨ ਦੀ ਬੈਂਚ ਨੇ ਬਿਲਕਿਸ ਬਾਨੋ ਦੇ ਵਕੀਲ ਅਤੇ ਕੇਂਦਰ, ਗੁਜਰਾਤ ਸਰਕਾਰ ਅਤੇ ਜਨਹਿਤ ਪਟੀਸ਼ਨ ਵਿੱਚ ਪਟੀਸ਼ਨਕਰਤਾਵਾਂ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ।
ਇਸ ਤੋਂ ਬਾਅਦ ਅਦਾਲਤ ਨੇ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਅਤੇ ਉਸਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਦੇ 11 ਦੋਸ਼ੀਆਂ ਦੀ ਸਜ਼ਾ ਮੁਆਫੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਨੇ ਕੇਂਦਰ ਅਤੇ ਗੁਜਰਾਤ ਸਰਕਾਰ ਨੂੰ 16 ਅਕਤੂਬਰ ਤੱਕ ਇਸ ਕੇਸ ਦੇ ਦੋਸ਼ੀਆਂ ਦੀ ਸਜ਼ਾ ਵਿੱਚ ਤਬਦੀਲੀ ਨਾਲ ਸਬੰਧਤ ਅਸਲ ਰਿਕਾਰਡ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।
ਜਿਕਰਯੋਗ ਹੈ ਕਿ ਅਯੁੱਧਿਆ ਵਿਖੇ ਰਾਮ ਜਨਮ ਭੂਮੀ/ਬਾਬਰੀ ਮਸਜਿਦ ਦੇ ਵਿਵਾਦਗ੍ਰਸਤ ਸਥਾਨ ਦੀ ‘ਕਾਰ ਸੇਵਾ’ ਤੋਂ ਬਾਅਦ ਜਦੋਂ ਸਾਬਰਮਤੀ ਐਕਸਪ੍ਰੈਸ 27 ਫਰਵਰੀ 2002 ਦੀ ਸਵੇਰ ਨੂੰ ਗੋਧਰਾ ਸਟੇਸ਼ਨ ਪਹੁੰਚੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਇਸ ਦੇ ਐਸ-6 ਕੋਚ ਨੂੰ ਅੱਗ ਲਗਾ ਦਿੱਤੀ ਤੇ ਇਸ ਕਾਂਡ ਵਿੱਚ 59 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ । ਇਸ ਵਿਚ ਬਿਲਕਿਸ ਬਾਨੋ ਦੇ ਪਰਿਵਾਰ ਦੇ 7 ਮੈਂਬਰ ਮਾਰੇ ਗਏ ਸਨ ਜਿਨ੍ਹਾਂ ਵਿਚ ਓਸ ਦੀ 3 ਸਾਲ ਦੀ ਕੁੜੀ ਵੀ ਸੀ ਤੇ ਬਾਨੋ ਜੋ ਕਿ ਪੰਜ ਮਹੀਨੇ ਤੋਂ ਗਰਭਵਤੀ ਸੀ, ਨਾਲ ਜ਼ਬਰਜਿਨਾਹ ਵੀਂ ਕੀਤਾ ਗਿਆ ਸੀ ।