ਬਿਹਾਰ ‘ਚ ਮਹਾਗਠਬੰਧਨ ਸਰਕਾਰ: ਨਿਤੀਸ਼ ਕੁਮਾਰ 8ਵੀਂ ਵਾਰ ਬਣੇ ਮੁੱਖ ਮੰਤਰੀ, ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ

ਪਟਨਾ, 10 ਅਗਸਤ – ਭਾਜਪਾ ਨਾਲੋਂ ਤੋੜ-ਵਿਛੋੜੇ ਮਗਰੋਂ ਜੇਡੀਯੂ ਆਗੂ ਨਿਤੀਸ਼ ਕੁਮਾਰ ਨੇ ਅੱਜ ਰਾਜ ਭਵਨ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਤੇਜਸਵੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਚਰਚੇ ਹਨ। ਰਾਜਪਾਲ ਫਾਗੂ ਚੌਹਾਨ ਨੇ ਦੋਵਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਮਹਾਗਠਬੰਧਨ ਵਿਚਲੇ ਅਹਿਮ ਭਾਈਵਾਲ ਜੇਡੀਯੂ, ਆਰਜੇਡੀ ਤੇ ਕਾਂਗਰਸ ਆਪਸ ਵਿੱਚ ਸਲਾਹ ਮਸ਼ਵਰੇ ਮਗਰੋਂ ਜਲਦੀ ਹੀ ਮੰਤਰੀ ਮੰਡਲ ਦਾ ਐਲਾਨ ਕਰਨਗੇ। ਨਿਤੀਸ਼ ਨੇ ਲੰਘੇ ਦਿਨ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨਾਲੋਂ ਤੋੜ-ਵਿਛੋੜਾ ਕਰਦੇ ਹੋਏ ਆਰਜੇਡੀ ਨਾਲ ਹੱਥ ਮਿਲਾ ਲਿਆ ਸੀ।
ਹਲਫ਼ਦਾਰੀ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਕੁਮਾਰ ਨੇ ਭਾਜਪਾ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਨਵੀਂ ਸਰਕਾਰ ਆਪਣਾ ਕਾਰਜਕਾਲ ਵੀ ਪੂਰਾ ਨਹੀਂ ਕਰੇਗੀ। ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਭਾਈਵਾਲ ‘ਠੀਕ ਉਸੇ ਥਾਂ ’ਤੇ ਪਹੁੰਚ ਗਏ ਹਨ, ਜਿੱਥੇ ਉਹ 2015 ਦੀਆਂ ਅਸੈਂਬਲੀ ਚੋਣਾਂ ਮਗਰੋਂ ਖੜ੍ਹੇ ਸਨ।’’ ਕੁਮਾਰ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਉਹ ਬਿਹਾਰ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਬਣਨ ਦੀ ਖਾਹਿਸ਼ ਬਾਰੇ ਭਾਜਪਾ ਦੇ ਦਾਅਵਿਆਂ ਬਾਰੇ ਪੁੱਛਣ ’ਤੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਅਜਿਹੀ ਕੋਈ ‘ਦਾਅਵੇਦਾਰੀ’ ਪੇਸ਼ ਨਹੀਂ ਕੀਤੀ, ਪਰ ਉਨ੍ਹਾਂ ਇੰਨੀ ਗੱਲ ਜ਼ਰੂਰ ਕਹੀ ਕਿ ‘ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ 2014 ਬੀਤੇ ਦੀ ਗੱਲ ਹੈ। ਉਨ੍ਹਾਂ ਨੂੰ ਹੁਣ 2024 ਦੀ ਫ਼ਿਕਰ ਕਰਨੀ ਚਾਹੀਦੀ ਹੈ।’ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੂੰ ਚਾਹੀਦਾ ਸੀ ਕਿ ਉਹ 2020 ਦੀਆਂ ਅਸੈਂਬਲੀ ਚੋਣਾਂ ਮਗਰੋਂ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣ ਦੀ ਥਾਂ ਆਪਣੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਨੂੰ ਮੁੱਖ ਮੰਤਰੀ ਦੇ ਸਿਖਰਲੇ ਅਹੁਦੇ ਉੱਤੇ ਬਿਠਾਉਂਦੀ। ਕੁਮਾਰ ਨੇ ਕਿਹਾ, ‘‘ਉਹ ਮੇਰੇ ਚਹੇਤੇ ਦੋਸਤ ਸਨ। ਉਨ੍ਹਾਂ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ? ਜੇਕਰ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ।’’ਉਂਜ ਅੱਜ ਦੇ ਹਲਫ਼ਦਾਰੀ ਸਮਾਗਮ ਦੌਰਾਨ ਭਾਜਪਾ ਆਗੂ ਗੈਰਹਾਜ਼ਰ ਰਹੇ।