ਬੁੱਧੀਮਾਨਾਂ ਅਤੇ ਨਾਮਵਰ ਪੱਤਰਕਾਰਾਂ ’ਤੇ ਛਾਪੇਮਾਰੀ ਕਰਨ ਦੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਖ਼ਤ ਨਿੰਦਾ

ਜਲੰਧਰ, 3 ਅਕਤੂਬਰ – ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਗਾਏ ਜਾ ਰਹੇ 32ਵੇਂ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਸੰਬੋਧਨ ਕਰਨ ਲਈ ਆ ਰਹੀ ਬਹੁ-ਪੱਖੀ ਬੁੱਧੀਮਾਨ ਲੇਖਕ ਤੀਸਤਾ ਸੀਤਲਵਾੜ ਸਮੇਤ ‘ਨਿਊਜ਼ ਕਲਿਕ’ ਦੀ ਟੀਮ ਦੇ ਉੱਘੇ ਵਿਦਵਾਨ ਕਾਮਿਆਂ ਸਮੇਤ ਅਭਿਸ਼ਾਰ ਸ਼ਰਮਾ, ਪ੍ਰਮੁੱਖ ਅਤੇ ਸੀਨੀਅਰ ਪੱਤਰਕਾਰ ਭਾਸ਼ਾ ਸਿੰਘ, ਨਾਮਵਰ ਪੱਤਰਕਾਰ ਉਰਮਲੇਸ਼, ਪ੍ਰਬੀਰ ਪੁਰਕਿਆਸਥ, ਲੇਖਕ ਗਿੱਥਾ ਹਰੀਹਰਨ, ਰਾਜਨੀਤਕ ਅਰਥ ਸ਼ਾਸਤਰ ਦੇ ਉੱਘੇ ਵਿਦਵਾਨ ਅਨੁਨਿਦੋ ਚੱਕਰਵਰਤੀ, ਇਤਿਹਾਸਕਾਰ ਤੇ ਸਮਾਜਕ ਕਾਰਕੁੰਨ ਸੋਹੇਲ ਹਾਸ਼ਮੀ ਅਤੇ ਸੰਜੇ ਰਜ਼ੌਰਾ ਦੀ ਰਿਹਾਇਸ਼ਗਾਹ ’ਤੇ ਛਾਪਾ ਮਾਰੀ ਕਰਨ ਦੀ ਕਮੇਟੀ ਨੇ ਪੁਰਜ਼ੋਰ ਨਿੰਦਾ ਕੀਤੀ ਗਈ ਹੈ
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ ਕਿ ਖੋਜ਼ਕਾਰ ਪੱਤਰਕਾਰਾਂ, ਲੇਖਕਾਂ, ਬੁੱਧੀਮਾਨਾਂ ਨੂੰ ਦਿੱਲੀ ਪੁਲਸ ਵੱਲੋਂ ਪੁਲਸ ਹੈਡਕੁਆਰਟਰ ਬੁਲਾ ਕੇ ਸੁਆਲਾਂ ਜਵਾਬਾਂ ਦੀ ਵਾਛੜ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਯੂ.ਏ.ਪੀ.ਏ. (ਗ਼ੈਰ ਕਾਨੂੰਨੀ ਸਰਗਰਮੀਆਂ ਰੋਕੂ) ਇਹਨਾਂ ਬੁੱਧੀਮਾਨਾਂ ਦੇ ਲੈਪ ਟਾਪ, ਮੋਬਾਇਲ ਫ਼ੋਨ ਅਤੇ ਹੋਰ ਇਲੈਕਟਰੋਨਿਕ ਸਾਜੋ-ਸਾਮਾਨ ਜ਼ਬਰੀ ਉਠਾ ਕੇ ਲਿਜਾਣਾ ਕਾਨੂੰਨ ਦੀ ਘੋਰ ਉਲੰਘਣਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਮੁੱਢਲੇ ਮਾਨਵੀ ਅਤੇ ਜਮਹੂਰੀ ਹੱਕਾਂ ਉੱਪਰ ਛਾਪਾ ਮਾਰਦਿਆਂ ਭਾਜਪਾ ਦੀ ਕੇਂਦਰੀ ਹਕੂਮਤ ਹੱਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ’ਚ ਦਿਨ-ਬ-ਦਿਨ ਛੜੱਪੇ ਮਾਰਵਾਂ ਇਜ਼ਾਫਾ ਹੋ ਰਿਹਾ ਹੈ, ਉਨ੍ਹਾਂ ਦਾ ਕੇਂਦਰੀ ਹਕੂਮਤੀ ਕੋਲ ਕੋਈ ਹੱਲ ਨਹੀਂ ਹੈ ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਦਹਿਸ਼ਤਗਰਦੀ ਦੇ ਚੌਤਰਫ਼ੇ ਹੱਲਿਆਂ ਦੀ ਮਾਰ ਝੱਲ ਰਹੇ ਸਮਾਜ ਅੰਦਰ ਦੱਬੇ ਕੁਚਲੇ ਲੋਕਾਂ ਅਤੇ ਜਮਹੂਰੀ ਹਲਕਿਆਂ ਦੀ ਆਵਾਜ਼ ਬਣਕੇ ਸਾਹਮਣੇ ਆ ਰਹੇ ਕਲਮਕਾਰਾਂ, ਪੱਤਰਕਾਰਾਂ, ਵਿਦਵਾਨਾਂ ਨੂੰ ਜਿਵੇਂ ਪਹਿਲਾਂ ਹੀ ਜੇਲ੍ਹਾਂ ਅੰਦਰ ਤਾੜ ਰੱਖਿਆ ਹੈ, ਕੇਂਦਰੀ ਹਕੂਮਤ ਇਹ ਕਦਮ ਚੁੱਕ ਕੇ ਇਨ੍ਹਾਂ ਬੁੱਧੀਜੀਵੀਆਂ ਨੂੰ ਵੀ ਜੇਲ੍ਹੀਂ ਸੁੱਟਣ ਦਾ ਰਾਹ ਮੋਕਲਾ ਕਰ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਮੇਟੀ ਨੇ ਲੋਕਾਂ ਨੂੰ ਇਨ੍ਹਾਂ ਧੱਕੜ, ਗ਼ੈਰ ਜਮਹੂਰੀ ਕਦਮਾਂ ਦੀ ਨਿੰਦਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸੰਘੇੜਾ, ਰਣਜੀਤ ਸਿੰਘ ਔਲਖ ਵੀ ਹਾਜ਼ਰ ਸਨ।
ਵੱਲੋਂ: ਅਮੋਲਕ ਸਿੰਘ, ਕਨਵੀਨਰ, ਸਭਿਆਚਾਰਕ ਵਿੰਗ
ਮੋ. +91 98778 68710