ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਦੋ ਦਿਨਾਂ ਟੂਰਨਾਮੈਂਟ ਸੰਪੰਨ

ਮਾਲਵਾ ਸਪੋਰਟਸ ਕਲੱਬ ਦੀ ਕਬੱਡੀ ਟੀਮ ਜਿਸ ਨੇ ਕਬੱਡੀ ਕੱਪ ਜਿੱਤਿਆ

ਕਬੱਡੀ ‘ਚ ਮਾਲਵਾ ਸਪੋਰਟਸ ਕਲੱਬ ਜੇਤੂ ਅਤੇ ਚੜ੍ਹਦੀ ਕਲਾ ਕਲੱਬ ਉਪ ਜੇਤੂ
ਆਕਲੈਂਡ, 26 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) –
ਨਿਊਜ਼ੀਲੈਂਡ ਦੇ ਵਿੱਚ ਕਬੱਡੀ ਸੀਜ਼ਨ ਦੀ ਧੜੱਲੇਦਾਰ ਸ਼ੁਰੂਆਤ ਕਰਦਿਆਂ ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਨੇ ਟੌਰੰਗਾ ਵਿਖੇ ਦੋ ਦਿਨਾਂ ਖੇਡ ਟੂਰਨਾਮੈਂਟ ਆਯੋਜਿਤ ਕੀਤਾ। ਖੇਡ ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਹੋਈ। ਪਹਿਲਾ ਦਿਨ ‘ਫੈਮਲੀ ਫੱਨ ਡੇਅ’ ਦੇ ਰੂਪ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਦੀਆਂ ਬਹੁਤ ਸਾਰੀਆਂ ਖੇਡਾਂ ਜਿਵੇਂ ਹਾਕੀ, ਰੱਸਾ ਕੱਸੀ, ਨਿੰਬੂ ਚਮਚਾ ਦੌੜ, ਬਾਲਟੀ ਰੇਸ ਅਤੇ ਦੌੜਾਂ ਆਦਿ ਕਰਵਾਈਆਂ ਗਈਆਂ। ਦੂਜੇ ਦਿਨ ਹੋਏ ਅੰਤਿਮ ਮੁਕਾਬਲਿਆਂ ਦੇ ਵਿੱਚ ਕਬੱਡੀ ਦਾ ਅੰਤਿਮ ਕੱਪ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਨੇ ਜਿੱਤ ਕੇ ਆਪਣੇ ਨਾਂਅ ਕੀਤਾ ਜਦ ਕਿ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ ਦੀ ਟੀਮ ਉਪ ਜੇਤੂ ਰਹੀ। ਫੁੱਟਬਾਲ ਦਾ ਅੰਤਿਮ ਮੁਕਾਬਲਾ ਸਿੱਖ ਵੌਰੀਅਰਜ਼ ਨੇ ਲਾਇਨ ਸਪੋਰਟਸ ਕਲੱਬ ਪਾਪਾਟੋਏਟੋਏ ਨੂੰ ਹਰਾ ਕੇ ਆਪਣੇ ਹੱਕ ਜਿਤਾਇਆ। ਅੰਡਰ-16 ਫੁੱਟਬਾਲ ਦੇ ਵਿੱਚ ਪਹਿਲਾ ਇਨਾਮ ਪਾਪਾਟੋਏਟੋਏ ਦੀ ਟੀਮ ਨੇ ਜਦ ਕਿ ਦੂਜਾ ਇਨਾਮ ਬੇਅ ਆਫ਼ ਪਲੈਂਟੀ ਸਪੋਰਟਸ ਕਲੱਬ ਦੀ ਟੀਮ ਦੇ ਹਿੱਸੇ ਆਇਆ। ਵਾਲੀਬਾਲ ਸ਼ੂਟਿੰਗ ਦੇ ਵਿੱਚ ਪਹਿਲਾ ਇਨਾਮ ਫਾਈਵ ਰਿਵਰ ਦੀ ਟੀਮ ਦੇ ਹਿੱਸੇ ਆਇਆ ਜਦ ਕਿ ਦੂਸਰਾ ਇਨਾਮ ਮਾਲਵਾ ਕਲੱਬ ਵਾਲੇ ਲੈ ਗਏ। ਵਾਲੀਬਾਲ ਦੇ ਵਿੱਚ ਪਹਿਲਾ ਇਨਾਮ ਕਲਗ਼ੀਧਰ ਲਾਇਨਜ਼ ਕਲੱਬ ਦੀ ਆਪਣੇ ਨਾਂਅ ਕਰ ਗਈ ਜਦ ਕਿ ਦੂਜਾ ਇਨਾਮ ਮਾਲਵਾ ਕਲੱਬ ਵਾਲੇ ਆਪਣੇ ਨਾਂਅ ਕਰ ਗਏ। ਹਾਕੀ ਅੰਡਰ-10 ਦੇ ਵਿਚ ਬੇਅ ਆਫ਼ ਪਲੈਂਟੀ ਨੂੰ ਪਹਿਲਾ ਇਨਾਮ ਜਦ ਕਿ ਸ਼ਹੀਦ ਭਗਤ ਸਿੰਘ ਟਰੱਸਟ ਹੈਮਿਲਟਨ ਦੀ ਟੀਮ ਦੂਸਰੇ ਨੰਬਰ ਉੱਤੇ ਰਹੀ। ਹਾਕੀ ਅੰਡਰ-18 ਦੇ ਵਿੱਚ ਵੀ ਬੇਅ ਆਫ਼ ਪਲੈਂਟੀ ਵਾਲੇ ਮੋਰਚਾ ਜਿੱਤ ਗਏ ਜਦ ਕਿ ਦੂਜੇ ਨੰਬਰ ਉੱਤੇ ਯੰਗ ਲਾਇਨਜ਼ ਵਾਲੇ ਦੂਸਰੇ ਨੰਬਰ ਉੱਤੇ ਰਹੇ। ਬੈਡਮਿੰਟਨ ਸਿੰਗਲਜ਼ ਦੇ ਵਿੱਚ ਮਨਪ੍ਰੀਤ ਸਿੰਘ ਪਹਿਲੇ ਨੰਬਰ ਉੱਤੇ ਅਤੇ ਗਗਨਦੀਪ ਸਿੰਘ ਦੂਸਰੇ ਨੰਬਰ ਉੱਤੇ ਰਿਹਾ। ਬੈਡਮਿੰਟਨ ਡਬਲਜ਼ ਦੇ ਵਿੱਚ ਬਾਲਾ ਕਾਰੀਸਾਰੀ-ਜੋਗਾ ਸ਼ਾਹਪੁਰੀਆ ਦੀ ਜੋੜੀ ਪਹਿਲੇ ਨੰਬਰ ਉੱਤੇ ਅਤੇ ਰਣਜੀਤ ਸਿੰਘ ਜਗਤਪੁਰ ਅਤੇ ਦਲਵਿੰਦਰ ਸਿੰਘ ਦੀ ਜੋੜੀ ਦੂਸਰੇ ਨੰਬਰ ਉੱਤੇ ਰਹੀ। ਔਰਤਾਂ ਦੇ ਰੱਸਾਕਸ਼ੀ ਮੁਕਾਬਲੇ ਦੇ ਵਿੱਚ ਬੇਅ ਆਫ਼ ਪਲੈਂਟੀ ਪਹਿਲੇ ਨੰਬਰ ਉੱਤੇ ਅਤੇ ਸ਼ਹੀਦ ਭਗਤ ਸਿੰਘ ਟਰੱਸਟ ਹੈਮਿਲਟਨ ਦੂਸਰੇ ਨੰਬਰ ਉੱਤੇ ਰਿਹਾ। ਰੱਸਾਕਸ਼ੀ ਦਾ ਦੂਸਰਾ ਮੁਕਾਬਲਾ ਸੱਸਾਂ ਅਤੇ ਨੂੰਹਾਂ ਵਿਚਕਾਰ ਹੋਇਆ ਜਿਸ ਦੇ ਵਿੱਚ ਨੂੰਹਾਂ ਨੇ ਬਾਜ਼ੀ ਮਾਰ ਇਨਾਮ ਹਾਸਿਲ ਕਰ ਲਿਆ। ਲੇਡੀਜ਼ ਮਿਊਜ਼ੀਕਲ ਚੇਅਰ ਦਾ ਵੀ ਦਰਸ਼ਕਾਂ ਅਨੰਦ ਮਾਣਿਆ। ਸ਼ਹੀਦ ਭਗਤ ਸਿੰਘ ਟਰੱਸਟ ਹੈਮਿਲਟਨ ਦੇ ਬੱਚਿਆਂ ਦਾ ਕਾਰਗੁਜ਼ਾਰੀ ਕਾਫ਼ੀ ਵਧੀਆ ਰਹੀ ਬੱਚਿਆਂ ਨੇ ਕਈ ਪਹਿਲੇ ਅਤੇ ਦੂਜੇ ਇਨਾਮ ਹਾਸਿਲ ਕੀਤੇ।
ਧੰਨਵਾਦ: ਬੇਅ ਆਫ਼ ਪਲੈਂਟੀ ਸਪੋਰਟਸ ਕਲੱਬ ਵੱਲੋਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਨਿਊਜ਼ੀਲੈਂਡ ਸਿੱਖ ਗੇਮਜ਼, ਪੰਜਾਬੀ ਮੀਡੀਆ ਕਰਮੀਆਂ, ਰੈਫ਼ਰੀਜ਼, ਕੁਮੈਂਟੇਟਰ, ਲਾਈਨ ਮੈਨ, ਸਟਾਪ ਵਾਚ, ਲੰਗਰ ਲਈ ਲੱਗੇ ਸਾਰੇ ਸੇਵਾਦਾਰਾਂ ਅਤੇ ਹੋਰ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਇਸ ਟੂਰਨਾਮੈਂਟ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕਵਰੇਜ ਮਿਲੀ, ਲੋਕਾਂ ਨੇ ਆਪਣੇ-ਆਪਣੇ ਫੋਨਾਂ ਦੇ ਉੱਤੇ ਇਸ ਨੂੰ ਲਾਈਵ ਕਰਕੇ ਇਕ ਅੰਤਰਰਾਸ਼ਟਰੀ ਖੇਡ ਮੇਲਾ ਬਣਾ ਦਿੱਤਾ।