ਬੰਦੀ ਛੋੜ ਦਿਵਸ ‘ਤੇ ਵਿਸ਼ੇਸ਼

Bandi-Chhorਇਹ ਦਿਨ ਸਿੱਖ ਭਾਈਚਾਰੇ ਵੱਲੋਂ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਦੀ ਮੁਗ਼ਲ ਬਾਦਸ਼ਾਹ, ਜਹਾਂਗੀਰ ਦੀ ਕੈਦ ਵਿੱਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ, ਸ਼੍ਰੀ ਦਰਬਾਰ ਸਾਹਿਬ ਪੁੱਜਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਤਫ਼ਾਕ ਨਾਲ ਇਹ ਦਿਨ ‘ਦੀਵਾਲੀ’ ਵਾਲੇ ਦਿਨ ਹੀ ਪੈਂਦਾ ਹੈ। ਗੁਰਪੁਰਬਾਂ ਤੋਂ ਇਲਾਵਾ ਜਿਹੜੇ ਦੂਜੇ ਮੁੱਖ ਸਿੱਖ ਤਿਉਹਾਰ ਹਨ, ਉਹ ਹਨ –’ਵਿਸਾਖੀ’, ‘ਬੰਦੀ ਛੋੜ ਦਿਵਸ’ ਅਤੇ ‘ਹੋਲਾ ਮਹਲਾ’। ਵਿਸਾਖੀ ਦਾ ਤਿਉਹਾਰ ਸਿੱਖ ਭਾਈਚਾਰੇ ਦਾ ਬੜਾ ਜ਼ਰੂਰੀ ਮੁੱਖ ਤਿਉਹਾਰ ਹੈ। ਇਸ ਤੋਂ ਬਾਅਦ ਬੰਦੀ ਛੋੜ ਦਿਵਸ ਦੂਜਾ ਮੁੱਖ ਸਿੱਖ ਤਿਉਹਾਰ ਹੈ। ਇਸ ਦਿਨ ਸਾਰੇ ਹੀ ਮੁੱਖ ਸਿੱਖ ਗੁਰਦੁਆਰਿਆਂ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਨਗਰ ਕੀਰਤਨ ਸਜਾਏ ਜਾਂਦੇ ਹਨ। ਸ਼੍ਰੀ ਹਰਿਮੰਦਰ ਸਾਹਿਬ ਦੀ ਵਿਸ਼ੇਸ਼ ਸਜਾਵਟ ਕੀਤੀ ਜਾਂਦੀ ਹੈ। ਦੀਵੇ, ਮੋਮਬਤੀਆਂ ਅਤੇ ਬਿਜਲੀ ਦੀਆਂ ਲੜੀਆਂ ਨਾਲ ਪੂਰੇ ਦਰਬਾਰ ਸਾਹਿਬ ਪਰਿਸਰ ਦੀ ਸਜਾਵਟ ਵੇਖਣ ਵਾਲੀ ਹੁੰਦੀ ਹੈ। ਰਾਤ ਨੂੰ ਦਰਸ਼ਨੀ ਡਿਉਢੀ ਤੋਂ ਆਤਸ਼ਬਾਜ਼ੀ ਦਾ ਨਜ਼ਾਰਾ ਵੇਖਣ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇੱਥੇ ਪਹੁੰਚੇ ਹੁੰਦੇ ਹਨ। ਸਿੱਖ ਆਪਣੇ ਘਰਾਂ, ਦਫ਼ਤਰਾਂ ਅਤੇ ਕਾਰੋਬਾਰੀ ਥਾਵਾਂ ਉੱਤੇ ਦੀਵੇ, ਮੋਮਬਤੀਆਂ ਅਤੇ ਬਿਜਲੀ ਦੀਆਂ ਲੜੀਆਂ ਬਾਲਦੇ ਹਨ। ਰਾਤ ਨੂੰ ਖੂਬ ਆਤਸ਼ਬਾਜ਼ੀ ਕਰਦੇ ਹਨ।
ਮੁਗ਼ਲ ਬਾਦਸ਼ਾਹ ਜਹਾਂਗੀਰ ਵੱਲੋਂ ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਜਾਣ ਦਾ ਪ੍ਰਕਰਣ ਇਸ ਤਰ੍ਹਾਂ ਹੈ ਕਿ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਨੇ ਜਦ ਗੁਰਗੱਦੀ ਸੰਭਾਲੀ ਤਾਂ ਉਹ ਦੋ ਤਲਵਾਰਾਂ (ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ) ਪਹਿਨ ਕੇ ਗੱਦੀ ਉੱਤੇ ਬੈਠੇ ਸਨ। ਸਿੱਖ ਲਹਿਰ ਵਿੱਚ ਇਹ ਇੱਕ ਬੜਾ ਤਕੜਾ ਮੋੜ ਸੀ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਅੰਤਿਮ ਵੇਲੇ ਜੋ ਸੰਦੇਸ਼ ਗੁਰੂ ਹਰਿਗੋਬਿੰਦ ਜੀ ਨੂੰ ਭੇਜਿਆ ਸੀ, ਉਸ ਵਿੱਚ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਦੁਸ਼ਮਣ ਦਾ ਮੁਕਾਬਲਾ ਮੈਦਾਨੇ ਜੰਗ ਵਿੱਚ ਹਥਿਆਰਾਂ ਨਾਲ ਕੀਤਾ ਜਾਵੇ, ਨਾ ਕਿ ਸ਼ਾਂਤ ਰਹਿ ਕੇ ਸ਼ਹਾਦਤਾਂ ਦਿੱਤੀਆਂ ਜਾਣ। ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਰਾਮਦਾਸਪੁਰ, ਜੋ ਕਿ ਹੁਣ ਸ਼੍ਰੀ ਅੰਮ੍ਰਿਤਸਰ ਹੈ, ਦੀ ਸੁਰੱਖਿਆ ਲਈ  ਲੋਹ ਗੜ੍ਹ ਨਾਂ ਦਾ ਕਿਲ੍ਹਾ ਤਿਆਰ ਕਰਵਾਇਆ। ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ, ਜਿੱਥੇ ਸਿੱਖਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਸੀ ਅਤੇ ਅਦਾਲਤੀ ਫ਼ੈਸਲੇ ਵਜੋਂ ‘ਹੁਕਮਨਾਮਾ’ ਜਾਰੀ ਕੀਤਾ ਜਾਂਦਾ ਸੀ। ਇਸ ਦੇ ਨਾਲ ਗੁਰੂ ਜੀ ਨੇ ਆਪਣੀ ਪਗੜੀ ਉੱਤੇ ਰਾਜਿਆਂ ਵਾਂਗ ਕਲਗ਼ੀ ਵੀ ਸਜਾਈ। ਭਾਵ ਇੱਕ ਤਰ੍ਹਾਂ ਨਾਲ ਵੱਖਰੇ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ ਸੀ।
ਮੁਗ਼ਲ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਦੀ ਇਹ ਸ਼ਾਨੋ-ਸ਼ੌਕਤ ਕਿਸ ਤਰ੍ਹਾਂ ਗਵਾਰਾ ਹੋ ਸਕਦੀ ਸੀ। ਜਹਾਂਗੀਰ ਨੇ ਆਪਣੀ ਗੱਦੀ ਸੁਰੱਖਿਅਤ ਕਰਨ ਲਈ ਬਾਈਧਾਰ ਦੇ ੫੨ ਪਹਾੜੀ ਰਾਜਿਆਂ ਨੂੰ ਗ੍ਰਿਫ਼ਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਰੱਖਿਆ ਸੀ। ਗੁਰੂ ਜੀ ਦਾ ਉਪਰੋਕਤ ਸਰੂਪ ਦੇਖ ਕੇ ਜਹਾਂਗੀਰ ਨੂੰ ਅੰਦਰੋ-ਅੰਦਰੀ ਧੁਖ-ਧੁਖੀ ਲੱਗੀ ਰਹਿੰਦੀ ਸੀ ਕਿ ਕਿਤੇ ਇਹ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਉੱਠ ਖੜਾ ਨਾ ਹੋ ਜਾਵੇ। ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਿੱਖਾਂ ਦੇ ਭਾਰੀ ਇਕੱਠ ਹੋਣੇ ਸ਼ੁਰੂ ਹੋ ਗਏ ਸਨ। ਜਿਸ ਦੁਕਾਨ ਨੂੰ ਜਹਾਂਗੀਰ ਬੰਦ ਕਰਨ ਦਾ ਜਤਨ ਕਰ ਰਿਹਾ ਸੀ, ਉਹ ਕਈ ਗੁਣਾ ਵੱਡੀ ਹੋ ਗਈ ਸੀ। ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ੧੬੧੨ ਈ. ਵਿੱਚ ਗ੍ਰਿਫ਼ਤਾਰ ਕਰਕੇ ਉਸੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਕਾਫੀ ਸਮਾਂ ਬੀਤ ਗਿਆ। ਜਹਾਂਗੀਰ ਬਿਮਾਰ ਪੈ ਗਿਆ। ਕਈ ਵੈਦ-ਹਕੀਮ ਬੁਲਾਏ ਗਏ ਪਰ ਕੋਈ ਫ਼ਰਕ ਨਾ ਪਿਆ। ਉਸ ਦੇ ਸਲਾਹਕਾਰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇਣ ਲੱਗੇ। ਕਈ ਤਾਂਤਰਿਕ ਵੀ ਬੁਲਾਏ ਗਏ। ਇਸੇ ਦੌਰਾਨ ਲਹੌਰ ਦੇ ਮੰਨੇ-ਪ੍ਰਮੰਨੇ ਮੁਸਲਮਾਨ ਫਕੀਰ ਅਤੇ ਜਹਾਂਗੀਰ ਦੇ ਮੁੱਖ ਸਲਾਹਕਾਰਾਂ ਵਿੱਚੋਂ ਇੱਕ, ਸਾਈਂ ਮੀਆਂ ਮੀਰ ਨੇ ਸਲਾਹ ਦਿੱਤੀ ਕਿ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਗੁਰੂ ਹਰਿਗੋਬਿੰਦ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਰੱਖਿਆ ਹੈ, ਉਹ ਤਾਂ ਖੁਦਾਈ ਰਹਿਬਰ ਹੈ। ਉਸ ਨੂੰ ਰਿਹਾਅ ਕਰ ਦੇਹ, ਮਤਾ ਕਿਤੇ ਉਸ ਦਾ ਹੀ ਸਰਾਪ ਨਾ ਪੈ ਰਿਹਾ ਹੋਵੇ। ਜਹਾਂਗੀਰ ਨੇ ਗੁਰੂ ਜੀ ਦੀ ਫ਼ੌਰਨ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ। ਪਰ ਗੁਰੂ ਜੀ ਨੇ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉੱਥੇ ਕੈਦ ਸਾਰੇ ਰਾਜੇ ਬੇਗੁਨਾਹ ਹਨ, ਸਭਨਾ ਨੂੰ ਰਿਹਾਅ ਕਰੋ, ਫਿਰ ਹੀ ਮੈ ਰਿਹਾਅ ਹੋਵਾਂਗਾ। ਜਹਾਂਗੀਰ ਇਸ ਵੇਲੇ ਫਸਿਆ ਹੋਇਆ ਸੀ। ਉਸ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦੇ ਚੋਲੇ ਦੀਆਂ ਕੰਨੀਆਂ ਫੜਕੇ ਬਾਹਰ ਆ ਜਾਣਗੇ ਉਹ ਰਿਹਾਅ ਹੋਣਗੇ। ਗੁਰੂ ਜੀ ਨੇ ੫੨ ਕੰਨੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਇਸ ਤਰ੍ਹਾਂ ਸਾਰੇ ਰਾਜਿਆਂ ਨੂੰ ਕੈਦ ਵਿੱਚੋਂ ਰਿਹਾਅ ਕਰਵਾ ਲਿਆਂਦਾ। ਇਹ ੧੬੧੯ ਈ. ਦੀ ਘਟਨਾ ਹੈ। ਉਦੋਂ ਤੋਂ ਹੀ ਸਿੱਖਾਂ ਵੱਲੋਂ ਇਹ ਦਿਨ ‘ਬੰਦੀ ਛੋੜ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ। ਪੂਰੇ ਹਰਿਮੰਦਰ ਸਾਹਿਬ ਪਰਿਸਰ ਨੂੰ ਦੀਪਮਾਲਾ ਕਰਕੇ ਏਨਾ ਸੁੰਦਰ ਸਜਾਇਆ ਜਾਂਦਾ ਹੈ ਅਤੇ ਏਨੀ ਜ਼ਬਰਦਸਤ ਆਤਸ਼ਬਾਜ਼ੀ ਕੀਤੀ ਜਾਂਦੀ ਹੈ ਕਿ ਲੋਕਾਂ ਵਿੱਚ ਇੱਕ ਕਹਾਵਤ ਬਣ ਗਈ ਹੈ ਕਿ:
‘ਦਾਲ ਰੋਟੀ ਘਰ ਦੀ। ਦੀਵਾਲੀ ਅੰਬਰਸਰ ਦੀ।’

sandhu-1

 

 

 

 

ਲੇਖਕ: ਸੰਤੋਖ ਸਿੰਘ ਸੰਧੂ, (+64) 022 071 0935, (+61) 0434 060 540

E-mail : sssandhu44@outlook.com