ਭਾਰਤੀ ਮਹਿਲਾ ਹਾਕੀ ਟੀਮ ਦਾ ਪੈਰਿਸ ਉਲੰਪਿਕ ’ਚ ਖੇਡਣ ਦਾ ਸੁਫ਼ਨਾ ਟੁੱਟਿਆ

ਰਾਂਚੀ, 19 ਜਨਵਰੀ – ਇੱਥੇ ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐਚ ਕੁਆਲੀਫਾਇਰ ਵਿੱਚ ਤੀਜੇ ਸਥਾਨ ਦੇ ਮੈਚ ’ਚ ਜਾਪਾਨ ਤੋਂ 0-1 ਨਾਲ ਹਾਰ ਕੇ ਉਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ। ਜਾਪਾਨ ਲਈ ਕਾਨਾ ਉਰਾਤਾ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਜੋ ਫੈਸਲਾਕੁਨ ਸਾਬਤ ਹੋਇਆ। ਇਸ ਦੇ ਨਾਲ ਹੀ ਟੋਕੀਓ ਉਲੰਪਿਕ ’ਚ ਚੌਥੇ ਸਥਾਨ ’ਤੇ ਰਹਿ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜੋ ਉਮੀਦਾਂ ਦਿਖਾਈਆਂ ਸਨ, ਉਨ੍ਹਾਂ ਉੱਤੇ ਪਾਣੀ ਫਿਰ ਗਿਆ। ਅਮਰੀਕਾ ਅਤੇ ਜਰਮਨੀ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਕੇ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਤੀਜੀ ਟੀਮ ਵਜੋਂ ਜਾਪਾਨ ਨੂੰ ਪੈਰਿਸ ਦੀ ਟਿਕਟ ਮਿਲੀ ਹੈ।
ਅੱਜ ਪੂਰੇ ਮੈਚ ਵਿੱਚ ਭਾਰਤ ਨੂੰ ਨੌਂ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਇੱਕ ਵੀ ਗੋਲ ਨਹੀਂ ਕਰ ਸਕਿਆ। ਜਾਪਾਨ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਕੇ ਭਾਰਤੀ ਡਿਫੈਂਸ ’ਤੇ ਦਬਾਅ ਬਣਾਇਆ। ਇਸ ਦੌਰਾਨ ਉਸ ਨੂੰ ਦੂਜੇ ਹੀ ਮਿੰਟ ’ਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਭਾਰਤੀ ਕਪਤਾਨ ਸਵਿਤਾ ਨੇ ਤੁਰੰਤ ਗੇਂਦ ਨੂੰ ਦੂਰ ਕਰ ਦਿੱਤਾ। ਭਾਰਤੀ ਖਿਡਾਰੀਆਂ ਨੇ ਸਰਕਲ ਦੇ ਅੰਦਰ ਹਮਲੇ ਕੀਤੇ ਪਰ ਗੋਲ ਨਹੀਂ ਕਰ ਸਕੇ। ਜਾਪਾਨ ਨੂੰ ਮੁੜ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਡਿਫੈਂਸ ਨੇ ਗੋਲ ਨਹੀਂ ਹੋਣ ਦਿੱਤਾ। ਦੋ ਮਿੰਟ ਬਾਅਦ ਭਾਰਤ ਨੇ ਇਕ ਹੋਰ ਪੈਨਲਟੀ ਕਾਰਨਰ ਖੁੰਝਾਇਆ, ਜਿਸ ’ਤੇ ਉਰਾਤਾ ਨੇ ਸਵਿਤਾ ਦੀਆਂ ਲੱਤਾਂ ’ਚੋਂ ਗੇਂਦ ਕੱਢ ਕੇ ਗੋਲ ਕਰ ਦਿੱਤਾ। ਜਾਪਾਨੀ ਖਿਡਾਰੀਆਂ ਨੇ ਭਾਰਤੀ ਡਿਫੈਂਸ ਨੂੰ ਲਗਾਤਾਰ ਦਬਾਅ ਵਿੱਚ ਰੱਖਿਆ। ਭਾਰਤ ਨੂੰ 12ਵੇਂ ਮਿੰਟ ਵਿੱਚ ਗੋਲ ਕਰਨ ਦਾ ਇੱਕ ਹੋਰ ਸੁਨਹਿਰੀ ਮੌਕਾ ਮਿਲਿਆ ਪਰ ਲਾਲਰੇਮਸਿਆਮੀ ਦਾ ਸ਼ਾਟ ਬਾਰ ਦੇ ਉੱਪਰੋਂ ਨਿਕਲ ਗਿਆ।
ਦੂਜੇ ਕੁਆਰਟਰ ਵਿੱਚ ਵੀ ਜਾਪਾਨੀ ਖਿਡਾਰੀਆਂ ਨੇ ਦਬਾਅ ਬਣਾਈ ਰੱਖਿਆ ਅਤੇ ਸ਼ੁਰੂ ਵਿੱਚ ਪੈਨਲਟੀ ਕਾਰਨਰ ਬਣਾਇਆ। ਭਾਰਤੀਆਂ ਨੂੰ ਵੀ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਕੋਈ ਗੋਲ ਨਹੀਂ ਹੋਇਆ। ਤੀਜੇ ਕੁਆਰਟਰ ਦੇ ਛੇਵੇਂ ਮਿੰਟ ਵਿੱਚ ਭਾਰਤ ਨੂੰ ਫਿਰ ਪੈਨਲਟੀ ਕਾਰਨਰ ਮਿਲਿਆ ਪਰ ਦੀਪਿਕਾ ਮੁੜ ਅਸਫਲ ਰਹੀ। ਚੌਥੇ ਕੁਆਰਟਰ ਵਿੱਚ ਭਾਰਤ ਦਾ ਪੂਰਾ ਦਬਦਬਾ ਰਿਹਾ ਪਰ ਫਿਰ ਵੀ ਉਹ ਗੋਲ ਨਹੀਂ ਕਰ ਸਕਿਆ।