ਭਾਰਤੀ ਮੂਲ ਦੀ ਸਿੱਖ ਪੰਜਾਬਣ ਫਿਲਮ ਨਿਰਮਾਤਾ ਨੇ ਜਿੱਤਿਆ ਐਮੀ ਐਵਾਰਡ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਭਾਰਤੀ ਮੂਲ ਦੀ ਪੰਜਾਬਣ ਫਿਲਮ ਨਿਰਮਾਤਾ ਹਰਪ੍ਰੀਤ ਕੌਰ ਨੇ ਸੀਜ਼ਨ-6 ਵਿੱਚ ਟੀ.ਵੀ ਸ਼ੋਅ ‘ਮੈਰੀਲੈਂਡ ਫਾਰਮ ਐਂਡ ਹਾਰਵੈਸਟ’ ਲਈ ਨਿਰਮਾਣ ਕੀਤੀ ਫਿਲਮ ਵਾਸਤੇ ਐਮੀ ਐਵਾਰਡ ਜਿੱਤਿਆ ਹੈ। ਇਸ ਪ੍ਰਾਪਤੀ ਨੇ ਪੰਜਾਬੀ ਭਾਈਚਾਰੇ ਖ਼ਾਸ ਕਰਕੇ ਸਿੱਖਾਂ ਦਾ ਮਾਣ ਵਧਾਇਆ ਹੈ। ਹਰਪ੍ਰੀਤ ਕੌਰ ਮੈਰੀਲੈਂਡ ਪਬਲਿਕ ਟੈਲੀਵਿਜ਼ਨ ‘ਤੇ ਨਿਰਮਾਤਾ ਵਜੋਂ ਕੰਮ ਕਰ ਰਹੀ ਹੈ। ਮੈਰੀਲੈਂਡ ਪਬਲਿਕ ਟੈਲੀਵਿਜ਼ਨ ਦੀ ਮੈਰੀਲੈਂਡ ਦੇ ਖੇਤੀਬਾੜੀ ਵਿਭਾਗ ਨਾਲ ਭਾਈਵਾਲੀ ਹੈ। ਉਹ ‘ਮੈਰੀਲੈਂਡ ਫਾਰਮ ਐਂਡ ਹਾਰਵੈਸਟ’ ਲਈ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ ਜਿਸ ਦਾ ਮਕਸਦ ਖੇਤੀਬਾੜੀ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧਾਉਣਾ ਹੈ। ਖੇਤੀਬਾੜੀ ‘ਤੇ ਮਨੁੱਖੀ ਚੇਹਰੇ ਨੂੰ ਉਭਾਰ ਕੇ ਖੇਤੀਬਾੜੀ ਬਾਰੇ ਸਿੱਖਿਅਤ ਕਰਨਾ, ਖੇਤੀਬਾੜੀ ਸਨਅਤ ਨਾਲ ਜੁੜੀਆਂ ਕਹਾਣੀਆਂ ਸੁਣਾਉਣੀਆਂ ਜਿਸ ਸਨਅਤ ਨੇ ਰਾਸ਼ਟਰ ਦਾ ਨਿਰਮਾਣ ਕੀਤਾ ਹੈ ਤੇ ਇਹ ਵਿਸ਼ਵ ਦਾ ਨਿਰੰਤਰ ਢਿੱਡ ਭਰ ਰਹੀ ਹੈ। ‘ਦ ਵਿਡੋ ਕਲੋਨੀ’ ਤੇ ‘ਏ ਲਿਟਲ ਰੈਵੋਲੂਸ਼ਨ’ ਵਰਗੀਆਂ ਐਵਾਰਡ ਜੇਤੂ ਫ਼ਿਲਮਾਂ ਪਿੱਛੇ ਵੀ ਹਰਪ੍ਰੀਤ ਕੌਰ ਦੀ ਮਿਹਨਤੀ ਹੀ ਰੰਗ ਲਿਆਈ ਸੀ।