ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ‘ਵਲੰਟੀਅਰ ਆਫ਼ ਦਾ ਯੀਅਰ’ ਪੁਰਸਕਾਰ ਨਾਲ ਸਨਮਾਨ

ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ) – ਹੋਸਟਨ ਵਾਸੀ ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੁਆਰਾ ‘ਵਲੰਟੀਅਰ ਆਫ਼ ਦਾ ਯੀਅਰ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਸੇਵਾ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਸ਼ਾਨਦਾਰ ਸਮਾਜਿਕ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਹੈ। ਇਸ ਸਬੰਧੀ ਹੋਏ ਸਮਾਗਮ ‘ਗਵਰਨਰ ਵਲੰਟੀਅਰ ਐਵਾਰਡ 2021’ ਦੀ ਪ੍ਰਧਾਨਗੀ ਟੈਕਸਾਸ ਦੀ ਫ਼ਸਟ ਲੇਡੀ ਸੇਸੀਲੀਆ ਅਬੋਟ ਨੇ ਕੀਤੀ। ਹਰ ਸਾਲ ਦਿੱਤੇ ਜਾਂਦੇ ਇਸ ਪੁਰਸਕਾਰ ਦਾ ਇਹ 38ਵਾਂ ਸਮਾਗਮ ਸੀ। ਪੁਰਸਕਾਰ ਜੇਤੂ ਦਾ ਐਲਾਨ 12 ਅਕਤੂਬਰ ਨੂੰ ਕੀਤਾ ਗਿਆ ਸੀ। ਇਸ ਮੌਕੇ ਸੇਸੀਲੀਆ ਅਬੋਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪੁਰਸਕਾਰ ਪਿਛਲੇ ਸਾਲ ਵਿਅਕਤੀਗਤ ਜਾਂ ਸੰਗਠਨਾਤਮਿੱਕ ਤੌਰ ‘ਤੇ ਟੈਕਸਾਸ ਵਿੱਚ ਰਹਿੰਦੇ ਲੋਕਾਂ ਲਈ ਮਿਸਾਲੀ ਸੇਵਾ ਪ੍ਰਦਾਨ ਕਰਨ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੁਰਸਕਾਰਾਂ ਨਾਲ ਹੋਰ ਲੋਕਾਂ ਵਿੱਚ ਭਾਈਚਾਰੇ ਪ੍ਰਤੀ ਸੇਵਾਵਾਂ ਨਿਭਾਉਣ ਦੀ ਇੱਛਾ ਪੈਦਾ ਹੁੰਦੀ ਹੈ। ਪੁਰਸਕਾਰ ਦਾ ਸਮਾਜ ਉੱਪਰ ਬਹੁਤ ਸਕਾਰਾਤਮਿਕ ਅਸਰ ਪੈਂਦਾ ਹੈ। ਇਸ ਸਮਾਗਮ ਵਿੱਚ ਲੂਥਰਾ ਤੋਂ ਇਲਾਵਾ 8 ਹੋਰ ਵਿਅਕਤੀਆਂ ਤੇ 4 ਸੰਸਥਾਵਾਂ ਨੂੰ ਵੀ ਵੱਖ ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ। ਸੇਵਾ ਇੰਟਰਨੈਸ਼ਨਲ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਡਾਕਟਰ ਲੂਥਰਾ ਜੋ ਸੇਵਾ ਮੁਕਤ ਵਿਗਿਆਨੀ ਹਨ, ਨੇ ‘ਪਰਿਵਾਰ ਸੇਵਾ ਪ੍ਰੋਗਰਾਮ’ ਤਹਿਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਇਕ ਹਫ਼ਤੇ ਦੌਰਾਨ ਨਿਰੰਤਰ 30 ਘੰਟਿਆਂ ਤੋਂ ਵਧ ਸਮਾਂ ਕੰਮ ਕੀਤਾ। ਡਾ. ਲੂਥਰਾ ਨੇ ਕੋਵਿਡ -19 ਟੀਕਾਕਰਣ ਮੁਹਿੰਮ ਵਿੱਚ ਵੀ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ।