ਭਾਰਤੀ ਮੌਸਮ ਵਿਭਾਗ: ਗਰਮੀ ਨੇ ਅਪ੍ਰੈਲ ‘ਚ ਤੋੜਿਆ 122 ਸਾਲਾਂ ਦਾ ਰਿਕਾਰਡ

ਨਵੀਂ ਦਿੱਲੀ, 30 ਅਪ੍ਰੈਲ – ਉੱਤਰ-ਪੱਛਮੀ ਤੇ ਕੇਂਦਰੀ ਭਾਰਤ ਵਿੱਚ 122 ਸਾਲਾਂ ਬਾਅਦ ਅਪ੍ਰੈਲ ‘ਚ ਐਨੀ ਗਰਮੀ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਿਕ ਇਸ ਮਹੀਨੇ ਵੱਧ ਤੋਂ ਵੱਧ ਔਸਤ ਤਾਪਮਾਨ 35.9 ਤੇ 37.78 ਡਿਗਰੀ ਸੈਲਸੀਅਸ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੱਛਮੀ ਤੇ ਪੱਛਮੀ-ਕੇਂਦਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਹੈ। ਗੁਜਰਾਤ, ਰਾਜਸਥਾਨ, ਪੰਜਾਬ ਤੇ ਹਰਿਆਣਾ ਵਿੱਚ ਮਈ ‘ਚ ਵੀ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਵਿਭਾਗ ਦੇ ਡਾਇਰੈਕਟਰ ਐਮ. ਮੋਹਾਪਾਤਰਾ ਨੇ ਦੱਸਿਆ ਕਿ ਮੁਲਕ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਪ੍ਰੈਲ ਦਾ ਔਸਤ ਤਾਪਮਾਨ 35.05 ਡਿਗਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਈ-2022 ‘ਚ ਮੀਂਹ ਆਮ ਨਾਲੋਂ ਵੱਧ ਪੈਣ ਦੀ ਸੰਭਾਵਨਾ ਹੈ। ਪਰ ਉੱਤਰ-ਪੱਛਮੀ ਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਆਮ ਨਾਲੋਂ ਘੱਟ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਰਚ ਤੇ ਅਪ੍ਰੈਲ ਵਿੱਚ ਉੱਚਾ ਤਾਪਮਾਨ ‘ਘੱਟ ਮੀਂਹ ਪੈਣ ਕਾਰਨ ਰਿਹਾ ਹੈ।’ ਮਾਰਚ ਵਿੱਚ ਉੱਤਰ-ਪੱਛਮੀ ਭਾਰਤ ‘ਚ ਆਮ ਨਾਲੋਂ 89 ਪ੍ਰਤੀਸ਼ਤ ਘੱਟ ਮੀਂਹ ਪਿਆ ਹੈ। ਜਦੋਂ ਕਿ ਅਪ੍ਰੈਲ ਵਿੱਚ ਇਹ ਦਰ 83 ਪ੍ਰਤੀਸ਼ਤ ਰਹੀ ਹੈ। ਮੌਸਮ ਵਿਭਾਗ ਨੇ ਇਸ ਲਈ ਪੱਛਮੀ ਗੜਬੜੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਕਾਰਨ ਇਹ ਵਕਫ਼ਾ ਜ਼ਿਆਦਾਤਰ ਸੁੱਕਾ ਲੰਘਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰੀ ਤੇ ਪੱਛਮੀ ਹਿੱਸਿਆਂ ਵਿੱਚ ਪਿਛਲੇ ਕੁੱਝ ਹਫ਼ਤਿਆਂ ਤੋਂ ਬੇਹੱਦ ਗਰਮੀ ਪੈ ਰਹੀ ਹੈ।