ਭਾਰਤ: ਚੌਥੀ ਤਿਮਾਹੀ ਦੇਸ਼ ’ਚ ਜੀਡੀਪੀ 6.1% ਦੀ ਦਰ ਨਾਲ ਵਧੀ, ਵਿੱਤੀ ਸਾਲ 2022-23 ਦੌਰਾਨ ਜੀਡੀਪੀ ਵਾਧਾ ਦਰ 7.2% ਰਹੀ

ਨਵੀਂ ਦਿੱਲੀ, 31 ਮਈ – ਦੇਸ਼ ਦੀ ਆਰਥਿਕ ਵਾਧਾ ਦਰ ਗੁਜ਼ਰੇ ਵਿੱਤੀ ਵਰ੍ਹੇ 2022-23 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿਚ 6.1% ਰਹੀ ਹੈ। ਇਸ ਦੇ ਨਾਲ ਹੀ ਪੂਰੇ ਵਿੱਤੀ ਸਾਲ ਦੌਰਾਨ ਜੀਡੀਪੀ (ਕੁੱਲ ਘਰੇਲੂ ਉਤਪਾਦ) ਵਾਧਾ ਦਰ 7.2% ਉਤੇ ਪਹੁੰਚ ਗਈ ਹੈ ਜਿਸ ਦਾ ਕਾਰਨ ਖੇਤੀਬਾੜੀ, ਨਿਰਮਾਣ, ਖ਼ਣਨ ਤੇ ਉਸਾਰੀ ਖੇਤਰਾਂ ਦੀ ਚੰਗੀ ਕਾਰਗੁਜ਼ਾਰੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਿਕਾਸ ਦਰ ਨੇ ਭਾਰਤ ਦੇ ਅਰਥਚਾਰੇ ਨੂੰ 3.3 ਖਰਬ ਡਾਲਰ ਤੱਕ ਪਹੁੰਚਾ ਦਿੱਤਾ ਹੈ। ਇਸ ਤਰ੍ਹਾਂ ਅਗਲੇ ਪੰਜ ਸਾਲਾਂ ਵਿਚ ਪੰਜ ਖਰਬ ਡਾਲਰ ਦੇ ਟੀਚੇ ਨੂੰ ਹਾਸਲ ਕਰਨ ਲਈ ਮੰਚ ਤਿਆਰ ਹੋ ਗਿਆ ਹੈ। ਪਿਛਲੇ ਵਿੱਤੀ ਵਰ੍ਹੇ (2021-22) ਵਿਚ ਅਰਥਚਾਰਾ 9.1% ਦੀ ਦਰ ਨਾਲ ਵਧਿਆ ਸੀ। ਇਸੇ ਦੌਰਾਨ ਚੀਨ ਨੇ ਸਾਲ 2023 ਦੇ ਪਹਿਲੇ ਤਿੰਨ ਮਹੀਨਿਆਂ ਵਿਚ 4.5% ਦੀ ਆਰਥਿਕ ਵਾਧਾ ਦਰ ਦਰਜ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ-ਦਸੰਬਰ ਦੀ ਤਿਮਾਹੀ ਵਿਚ ਆਰਥਿਕ ਵਾਧਾ 4.5% ਸੀ ਤੇ ਜੁਲਾਈ-ਸਤੰਬਰ ਦਰਮਿਆਨ ਇਹ 6.2% ਸੀ। ਅਪਰੈਲ-ਜੂਨ ਦੀ ਤਿਮਾਹੀ ਵਿਚ ਵਾਧਾ ਦਰ 13.1% ਦਰਜ ਕੀਤੀ ਗਈ ਸੀ। ਸਾਲ 2021-22 ਦੀ ਜਨਵਰੀ-ਮਾਰਚ ਤੱਕ ਦੀ ਤਿਮਾਹੀ ਵਿਚ ਜੀਡੀਪੀ ਚਾਰ ਪ੍ਰਤੀਸ਼ਤ ਦੀ ਦਰ ਨਾਲ ਵਧੀ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਵਿੱਤੀ ਵਰ੍ਹੇ 2022-23 ਲਈ ਜੀਡੀਪੀ ਵਾਧਾ ਦਰ 7% ਰਹਿਣ ਦੀ ਸੰਭਾਵਨਾ ਜਤਾਈ ਸੀ। ਵੇਰਵਿਆਂ ਮੁਤਾਬਕ ਨਿਰਮਾਣ ਖੇਤਰ ਵਿਚ ਮਾਰਚ 2023 ਦੀ ਤਿਮਾਹੀ ’ਚ 4.5% ਦੀ ਵਾਧਾ ਦਰ (ਜੀਵੀਏ) ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਖਣਨ ਖੇਤਰ ਵਿਚ ਜੀਵੀਏ ਵਿਕਾਸ ਦਰ 4.3%ਰਹੀ ਹੈ। ਖੇਤੀਬਾੜੀ ਖੇਤਰ ਦੀ ਵਾਧਾ ਦਰ 5.5% ਰਹੀ ਹੈ। ਇਸ ਤੋਂ ਇਲਾਵਾ ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਸੇਵਾਵਾਂ ਦੇ ਖੇਤਰ ਵੀ ਚੌਥੀ ਤਿਮਾਹੀ ਵਿਚ 6.9% ਦੀ ਦਰ ਨਾਲ ਵਧੇ। ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਨਾਲ ਜੁੜੀਆਂ ਸੇਵਾਵਾਂ ਦੀ ਵਿਕਾਸ ਦਰ 9.1% ਦਰਜ ਕੀਤੀ ਗਈ ਹੈ। ਪਿਛਲੇ ਸਾਲ ਇਹ 5% ਸੀ।