ਭਾਰਤ ਦਾ ਜੂਨੀਅਰ ਵਿਸ਼ਵ ਕੱਪ ਹਾਕੀ ‘ਤੇ ਕਬਜ਼ਾ

Junior World Cup Hockey final_b48f3e5c-c537-11e6-88a7-6a72017c5d0fਲਖਨਊ – ਇੱਥੇ 18 ਦਸੰਬਰ ਦਿਨ ਐਤਵਾਰ ਨੂੰ 11ਵੇਂ ਐਫਆਈਐਚ ਜੂਨੀਅਰ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਨੇ ਬੈਲਜੀਅਮ ਨੂੰ 2-1 ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ। ਕੋਚ ਹਰੇਂਦਰ ਸਿੰਘ ਤੇ ਕਪਤਾਨ ਹਰਜੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 15 ਸਾਲਾਂ ਦੇ ਵਕਫ਼ੇ ਮਗਰੋਂ ਦੂਜੀ ਵਾਰ ਜੂਨੀਅਰ ਵਿਸ਼ਵ ਕੱਪ ਹਾਕੀ ਆਪਣੇ ਨਾਂਅ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੌਬਰਟ-2001 ‘ਚ ਕਪਤਾਨ ਗਗਨ ਅਜੀਤ ਸਿੰਘ ਦੀ ਅਗਵਾਈ ਵਿੱਚ ਭਾਰਤ ਨੇ ਅਰਜਨਟੀਨਾ ਟੀਮ ਨੂੰ 6-1 ਗੋਲ ਦੇ ਅੰਤਰ ਨਾਲ ਹਰਾ ਕੇ ਪਹਿਲੀ ਵਾਰ ਜੂਨੀਅਰ ਵਿਸ਼ਵ ਕੱਪ ਹਾਕੀ ਦਾ ਖ਼ਿਤਾਬ ਜਿੱਤਿਆ ਸੀ।

ਦਰਸ਼ਕਾਂ ਦੇ ਨਾਲ ਨਕੋ-ਨੱਕ ਭਰੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ‘ਚ ਮੇਜ਼ਬਾਨ ਭਾਰਤੀ ਟੀਮ ਵੱਲੋਂ ਗੁਰਜੰਟ ਸਿੰਘ ਨੇ 8ਵੇਂ ਮਿੰਟ ਵਿੱਚ ਪਹਿਲਾ ਮੈਦਾਨੀ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ ਅਤੇ ਸਿਮਰਨਜੀਤ ਸਿੰਘ ਨੇ 22ਵੇਂ ਮਿੰਟ ਵਿੱਚ ਸਰਕਲ ਦੇ ਟੋਪ ਤੋਂ ਰਿਵਰਸ ਸ਼ਾਟ ਰਾਹੀਂ ਗੋਲ ਕਰਕੇ ਲੀਡ ਨੂੰ ਦੁੱਗਣਾ ਕਰ ਦਿੱਤਾ। ਜਦੋਂ ਕਿ ਬੈਲਜੀਅਮ ਵੱਲੋਂ ਫੈਬਰਿਸ ਵਾਨ ਬੋਕਰਿਜਕ ਨੇ 70ਵੇਂ ਮਿੰਟ ‘ਚ ਪੈਨਲਟੀ ਕਾਰਨਰ ਰਾਹੀ ਗੋਲ ਕਰਕੇ ਜਿੱਤ ਦਾ ਅੰਤਰ ਘੱਟ ਕੀਤਾ। ਇਸ ਮਿਲੀ ਹਾਰ ਨਾਲ ਬੈਲਜੀਅਮ ਨੂੰ ਚਾਂਦੀ ਦੇ ਤਗਮੇ ਉੱਤੇ ਹੀ ਸਬਰ ਕਰਨਾ ਪਿਆ।
ਇਸ ਤੋਂ ਪਹਿਲਾਂ ਛੇ ਵਾਰ ਦੀ ਚੈਂਪੀਅਨ ਜਰਮਨੀ ਦੀ ਟੀਮ ਨੇ ਆਸਟਰੇਲੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਲਿਆ। ਜਰਮਨੀ ਲਈ ਜਾਨ ਸ਼ਿਫੇਰ ਨੇ 11ਵੇਂ ਮਿੰਟ ‘ਚ ਪਹਿਲਾ ਗੋਲ, ਟਿਮ ਹਰਜ਼ਬਰਸ਼ ਨੇ 51ਵੇਂ ਮਿੰਟ ‘ਚ ਦੂਜਾ ਅਤੇ 60ਵੇਂ ਮਿੰਟ ‘ਚ ਤੀਜਾ ਗੋਲ ਕਰਕੇ ਟੀਮ ਨੂੰ ਜਿੱਤ ਦੁਆਈ। 5ਵੇਂ ਤੇ 6ਵੇਂ ਸਥਾਨ ਲਈ ਹੋਏ ਮੁਕਾਬਲੇ ‘ਚ ਅਰਜਨਟੀਨਾ ਨੇ ਸਪੇਨ ਨੂੰ 2-1 ਨਾਲ ਹਰਾਇਆ, ਜਦੋਂ ਕਿ 7ਵੇਂ ਤੇ 8ਵੇਂ ਸਥਾਨ ਲਈ ਹੋਏ ਮੁਕਾਬਲੇ ਵਿੱਚ ਨੀਦਰਲੈਂਡ ਨੇ ਇੰਗਲੈਂਡ ਨੂੰ 6-2 ਗੋਲਾਂ ਦੇ ਅੰਤਰ ਨਾਲ ਹਰਾ ਕੇ 7ਵਾਂ ਸਥਾਨ ਹਾਸਲ ਕੀਤਾ। ਬਾਕੀ ਟੀਮਾਂ ਦੀ ਦਰਜਾਬੰਦੀ ਇਸ ਤਰ੍ਹਾਂ ਰਹੀ, ਨਿਊਜ਼ੀਲੈਂਡ 9ਵੇਂ, ਦੱਖਣੀ ਅਫ਼ਰੀਕਾ 10ਵੇਂ, ਮਲੇਸ਼ੀਆ 11ਵੇਂ, ਆਸਟਰੀਆ 12ਵੇਂ, ਜਪਾਨ 13ਵੇਂ, ਦੱਖਣੀ ਕੋਰੀਆ 14ਵੇਂ, ਇਜੀਪਟ 15ਵੇਂ ਅਤੇ ਕੈਨੇਡਾ 16ਵੇਂ ਸਥਾਨ ਉੱਤੇ ਰਿਹਾ।