ਭਾਰਤ ਦਾ 10 ਸਾਲਾਂ ਬਾਅਦ ਨਿਊਜ਼ੀਲੈਂਡ ਵਿੱਚ ਸੀਰੀਜ਼ ਉੱਤੇ ਕਬਜ਼ਾ

ਮਾਊਂਟ ਮਾਉਂਗਨੁਈ, 29 ਜਨਵਰੀ – ਇੱਥੇ ਖੇਡੇ ਗਏ ੫ ਵਨਡੇ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਵਿੱਚ ਮੇਜ਼ਬਾਨ ਟੀਮ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕਰਦੇ ਹੋਏ ਸੀਰੀਜ਼ ਉੱਤੇ 3-0 ਨਾਲ ਕਬਜ਼ਾ ਕਰ ਲਿਆ, ਜਦੋਂ ਕਿ ਹਾਲੇ 2 ਮੈਚ ਹੋਣੇ ਬਾਕੀ ਹਨ। 
ਇਸ ਤੋਂ ਪਹਿਲਾਂ ਆਸਟਰੇਲੀਆ ਦੌਰੇ ‘ਤੇ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ ਨਿਊਜ਼ੀਲੈਂਡ ਵਿੱਚ ਵੀ 10 ਸਾਲਾਂ ਬਾਅਦ ਸੀਰੀਜ਼ ਜਿੱਤੀ ਹੈ। ਭਾਰਤ ਨੇ 2009 ਤੋਂ ਹੁਣ ਤੱਕ ਇੱਥੇ ਇੱਕੋ-ਇੱਕ ਵਨਡੇ ਸੀਰੀਜ਼ ਖੇਡੀ ਸੀ, ਜਿਸ ਵਿੱਚ ਭਾਰਤ ਨੂੰ ਹਾਰ ਝੱਲਣੀ ਪਈ ਸੀ। ਪਿਛਲੇ ਇੱਕ ਸਾਲ ਵਿੱਚ ਵਿਦੇਸ਼ੀ ਧਰਤੀ ‘ਤੇ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ ਮਗਰੋਂ ਭਾਰਤ ਦੀ ਇਹ ਤੀਜੀ ਜਿੱਤ ਹੈ। ਇੰਗਲੈਂਡ ਵਿੱਚ ਭਾਰਤੀ ਟੀਮ ਜਿੱਤ ਨਹੀਂ ਹਾਸਲ ਨਹੀਂ ਸਕੀ ਸੀ, ਜਿੱਥੇ ਇਸ ਸਾਲ ਵਰਲਡ ਕੱਪ ਹੋਣਾ ਹੈ। 
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49 ਓਵਰਾਂ ਵਿੱਚ 243 ਦੌੜਾਂ ਬਣਾਈਆਂ। ਜਿਸ ਵਿੱਚ ਰੋਸ ਟੇਲਰ (106 ਗੇਂਦਾਂ ਵਿੱਚ 93 ਦੌੜਾਂ) ਅਤੇ ਟੌਮ ਲੈਥਮ (64 ਗੇਂਦਾਂ ਵਿੱਚ 51 ਦੌੜਾਂ) ਵਿਚਾਲੇ ਚੌਥੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਅਹਿਮ ਰਹੀ, ਇਨ੍ਹਾਂ ਦੋਵਾਂ ਨੂੰ ਛੱਡ ਕੇ ਹੋਰ ਕੋਈ ਵੱਡੀ ਸਾਂਝੇਦਾਰੀ ਨਹੀਂ ਹੋ ਸਕੀ। ਕਪਤਾਨ ਕੇਨ ਵਿਲੀਅਮਸਨ (28 ਦੌੜਾਂ), ਡੱਗ ਬ੍ਰੇਸਵੈਲ (15 ਦੌੜਾਂ), ਮਾਰਟਿਨ ਗੁਪਟਿਲ (13 ਦੌੜਾਂ) ਤੇ ਕੋਲਿਨ ਮੁਨਰੋ (7 ਦੌੜਾਂ) ਬਣਾਈਆਂ। ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ 3, ਯੁਜ਼ਵੇਂਦਰ ਚਾਹਲ ਨੇ 2, ਹਾਰਦਿਕ ਪੰਡਿਆ ਨੇ 2 ਅਤੇ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਲਈਆਂ। ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ  ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। 
ਨਿਊਜ਼ੀਲੈਂਡ ਵੱਲੋਂ ਮਿਲੇ 244 ਦੌੜਾਂ ਦਾ ਟੀਚਾ ਭਾਰਤ ਨੇ 43 ਓਵਰਾਂ ਵਿੱਚ 3 ਵਿਕਟਾਂ ਉੱਤੇ 245 ਦੌੜਾਂ ਬਣਾ ਕੇ ਜਿੱਤ ਹਾਸਲ ਕਰਦੇ ਹੋਏ ੫ ਮੈਚਾਂ ਦੀ ਸੀਰੀਜ਼ ਉੱਤੇ ਕਬਜ਼ਾ ਕਰਦੇ ਹੋਏ 3-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਦੀ ਇਹ ਜਿੱਤ ਇਕਪਾਸੜ ਰਹੀ, ਜਿਸ ਵਿੱਚ ਕਪਤਾਨ ਕੋਹਲੀ ਨੇ 74 ਗੇਂਦਾਂ ਵਿੱਚ 60 ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ 77 ਗੇਂਦਾਂ ਵਿੱਚ 62 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 113 ਦੌੜਾਂ ਜੋੜੀਆਂ, ਜਿਸ ਨਾਲ ਭਾਰਤ ਨੇ 43 ਓਵਰਾਂ ਵਿੱਚ 3 ਵਿਕਟਾਂ ‘ਤੇ 245 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਵੱਲੋਂ ਸ਼ਿਖਰ ਧਵਨ ਨੇ 28, ਦਿਨੇਸ਼ ਕਾਰਤਿਕ ਨੇ 38 ਗੇਂਦਾਂ ਵਿੱਚ 38 ਅਤੇ ਅੰਬਾਤੀ ਰਾਇਡੂ ਨੇ 42 ਗੇਂਦਾਂ ਵਿੱਚ 40 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੋਵਾਂ ਨੇ ਚੌਥੀ ਵਿਕਟ ਲਈ 77 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਟ੍ਰੈਂਟ ਬੋਲਟ ਨੇ 2 ਅਤੇ ਮਿਸ਼ੇਲ ਸੈਂਟਨੇਰ ਨੇ 1 ਵਿਕਟ ਲਿਆ।