ਭਾਰਤ ਦਾ 76ਵਾਂ ਸੁਤੰਤਰਤਾ ਦਿਵਸ ਹਾਈ ਕਮਿਸ਼ਨ ਤੇ ਭਾਰਤੀ ਡਾਇਸਪੋਰਾ ਦੀ ਅਗਵਾਈ ਹੇਠ ਆਕਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਮਨਾਇਆ ਗਿਆ

ਆਕਲੈਂਡ, 22 ਅਗਸਤ – ਇੱਥੇ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ 21 ਅਗਸਤ ਨੂੰ ਭਾਰਤ ਦਾ 76ਵਾਂ ਸੁਤੰਤਰਤਾ ਦਿਵਸ ਹਾਈ ਕਮਿਸ਼ਨ ਆਫ਼ ਇੰਡੀਆ ਦੇ ਨਾਲ ਆਕਲੈਂਡ ਦੀਆਂ ਸਾਰੀਆਂ ਪ੍ਰਮੁੱਖ ਡਾਇਸਪੋਰਾ ਆਰਗਨਾਈਜ਼ੇਸ਼ਨਾਂ ਨੇ ਮਿਲ ਕੇ ਸਾਂਝੇ ਤੌਰ ‘ਤੇ ਮਨਾਇਆ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸਿਰਲੇਖ ਅਧੀਨ ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਹੇਤੂ ਭਾਰਤ ਤੋਂ ਆਈਸੀਸੀਆਰ ਦੀ ਭੰਗੜਾ ਟੀਮ ਵੀ ਪੇਸ਼ਕਾਰੀ ਦੇਣ ਲਈ ਖ਼ਾਸ ਤੌਰ ‘ਤੇ ਪਹੁੰਚੀ।
ਇਸ ਸਵਤੰਤਰਤਾ ਦਿਵਸ ਸਮਾਗਮ ਵਿੱਚ ਸਾਰੀਆਂ ਪ੍ਰਮੁੱਖ ਡਾਇਸਪੋਰਾ ਸੰਸਥਾਵਾਂ ਨੇ ਸਾਂਝੇ ਤੌਰ ‘ਤੇ ਹਿੱਸਾ ਲਿਆ ਅਤੇ ਭਾਰਤ ਦੀ ਅੰਦਰੂਨੀ ਤਾਕਤ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤਾ, ਜੋ ਕਿ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ ਦਿੰਦੀ ਹੈ।
ਇਸ ਸਮਾਗਮ ਵਿੱਚ ਪੰਜਾਬ, ਕਰਨਾਟਕ, ਮਹਾਰਾਸ਼ਟਰ, ਬੰਗਾਲ, ਉੱਤਰਾਖੰਡ, ਤਾਮਿਲਨਾਡੂ, ਤੇਲੰਗਾਨਾ, ਕੇਰਲਾ, ਗੁਜਰਾਤ ਸਮੇਤ ਕਈ ਰਾਜਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ। ਜ਼ਿਕਰਯੋਗ ਹੈ ਕਿ ਭੰਗੜਾ ਪੇਸ਼ੇਵਰਾਂ ਦਾ ਇੱਕ ਸਮੂਹ ਭਾਰਤ ਤੋਂ ਇੱਥੇ ਨਿਊਜ਼ੀਲੈਂਡ ਵਿੱਚ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਹਿੱਸਾ ਲੈਣ ਅਤੇ ਪੇਸ਼ਕਾਰੀ ਦੇਣ ਲਈ ਆਇਆ ਸੀ। ਇਸ ਮੌਕੇ ਭਾਰਤ ਦੇ ਮਸ਼ਹੂਰ ਮਾਸਟਰ ਸ਼ੈੱਫ ਸੰਜੀਵ ਕਪੂਰ ਵੀ ਭਾਰਤ ਤੋਂ ਆਏ ਸਨ ਅਤੇ ਝੰਡਾ ਲਹਿਰਾਉਣ ਦੀ ਰਸਮ ਵਿੱਚ ਸ਼ਾਮਲ ਹੋਏ।
ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੇ ਸੰਬੰਧ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮਹਾਤਮਾ ਗਾਂਧੀ ਸੈਂਟਰ ਦਾ ਹਾਲ ਸਰੋਤਿਆਂ ਨਾਲ ਭਰਿਆ ਰਿਹਾ ਅਤੇ ਲੋਕਾਂ ਨੂੰ ਸ਼ਾਨਦਾਰ ਪੇਸ਼ਕਾਰੀਆਂ ਦੇਖਣ ਲਈ ਖੜ੍ਹੇ ਹੋਣਾ ਪਿਆ।
ਭਾਰਤ ਦੇ ਸੁਤੰਤਰਤਾ ਦਿਵਸ ਦੇ ਸੰਬੰਧ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ੍ਰੀ ਮੁਕੇਸ਼ ਘੀਆ (ਚੈਂਸਰੀ ਦੇ ਮੁਖੀ ਅਤੇ ਕਾਰਜਕਾਰੀ ਚਾਰਜ ਡੀ’ ਅਫੇਅਰਜ਼ (ਸੀਏਡੀ) ਹਾਈ ਕਮਿਸ਼ਨ ਆਫ਼ ਇੰਡੀਆ), ਸਰ ਆਨੰਦ ਸਤਿਆਨੰਦ, ਲੇਡੀ ਸੂਜ਼ਨ ਸਤਿਆਨੰਦ, ਆਕਲੈਂਡ ਦੇ ਮੇਅਰ ਫਿੱਲ ਗੋਫ। ਮੰਤਰੀਆਂ ‘ਚ ਐਮਪੀ ਮਾਈਕਲ ਵੁੱਡ, ਐਮਪੀ ਫਿੱਲ ਟਵਾਏਫ੍ਰੋਡ, ਐਮਪੀ ਪ੍ਰਿਅੰਕਾ ਰਾਧਾਕ੍ਰਿਸ਼ਨਨ, ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਲੀਡਰ ਕ੍ਰਿਸ ਲਕਸਨ, ਐਮਪੀ ਕ੍ਰਿਸ ਪੇਂਕ, ਐਮਪੀ ਡਾ. ਡੇਬੋਰਾ ਰਸਲ, ਐਮਪੀ ਡਾ. ਨੇਰੂ ਲੀਵਾਸਾ ਤੋ ਇਲਾਵਾ ਆਕਲੈਂਡ ਮੇਅਰ ਲਈ ਉਮੀਦਵਾਰ ਅਫੀਸੋ ਕੋਲਿੰਨਸ ਅਤੇ ਹੋਰ ਵੀ ਬਹੁਤ ਸਾਰੇ ਲੋਕਲ ਬਾਡੀ ਚੋਣ ਉਮੀਦਵਾਰ ਤੇ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਤਰੰਗਾ ਝੰਡਾ ਫਹਿਰਾਇਆ ਗਿਆ, ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਪੇਸ਼ਕਾਰੀ, ਕਿਊਯਜ਼ 2022 ਐਵਾਰਡ, ਹਿੰਦੀ ਐਵਾਰਡ 2021, ਭਾਰਤ ਦੀਆਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ।