ਭਾਰਤ ਦੀ ਚੰਨ ਵੱਲ ਉਡਾਣ: ਚੰਦਰਯਾਨ-3 ਨੇ ਸ੍ਰੀਹਰੀਕੋਟਾ ਤੋਂ ਚੰਨ ਵੱਲ ਨੂੰ ਉਡਾਣ ਭਰੀ, 40 ਦਿਨਾਂ ‘ਚ ਯਾਨੀ 23 ਅਗਸਤ ਨੂੰ ਚੰਨ ‘ਤੇ ਪੁੱਜੇਗਾ

ਸ੍ਰੀਹਰੀਕੋਟਾ, 14 ਜੁਲਾਈ – ਇੱਥੇ ਸ਼ੁੱਕਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐੱਲਵੀਐੱਮ3-ਐੱਮ4 ਰਾਕੇਟ ਦੀ ਵਰਤੋਂ ਕਰਦੇ ਹੋਏ ਆਪਣਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਲਾਂਚ ਕੀਤਾ, ਜੋ 40 ਦਿਨਾਂ ‘ਚ ਯਾਨੀ 23 ਅਗਸਤ ਨੂੰ ਚੰਨ ‘ਤੇ ਪੁੱਜੇਗਾ। ਕੱਲ੍ਹ ਤੋਂ ਸ਼ੁਰੂ ਹੋਈ 25.30-ਘੰਟੇ ਦੀ ਪੁੱਠੀ ਗਿਣਤੀ ਦੇ ਅੰਤ ਵਿੱਚ ਰਾਕੇਟ ਨੇ ਇੱਥੇ ਪੁਲਾੜ ਲਾਂਚ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਬਾਅਦ ਦੁਪਹਿਰ 2.35 ਵਜੇ ਨਿਰਧਾਰਿਤ ਸਮੇਂ ’ਤੇ ਸ਼ਾਨਦਾਰ ਢੰਗ ਨਾਲ ਅਸਮਾਨ ਵੱਲ ਉਡਾਣ ਭਰੀ। ਚੰਦਰਯਾਨ ਦੀ ਜੇਕਰ ਚੰਦ ’ਤੇ ‘ਸੌਫਟ ਲੈਂਡਿੰਗ’ ਭਾਵ ਇਹ ਸੁਰੱਖਿਅਤ ਤਰੀਕੇ ਨਾਲ ਉਤਰਦਾ ਹੈ ਤਾਂ ਭਾਰਤ ਉਨ੍ਹਾਂ ਚੁਣੇ ਹੋਏ ਮੁਲਕਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਅਜਿਹਾ ਕੀਤਾ ਹੈ। ਹੁਣ ਤੱਕ ਅਮਰੀਕਾ, ਚੀਨ ਤੇ ਸਾਬਕਾ ਸੋਵੀਅਨ ਯੂਨੀਅਨ ਹੀ ਚਾਂਦ ਵੱਲ ਸਫ਼ਲ ਉਡਾਰੀ ਲਾ ਚੁੱਕੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਚੰਦਰਯਾਨ 23 ਅਗਸਤ ਨੂੰ ਸ਼ਾਮੀਂ 5:47 ਵਜੇ ਚੰਦ ’ਤੇ ਉਤਰੇਗਾ। ਪਿਛਲੇ 15 ਸਾਲਾਂ ਵਿੱਚ ਇਸਰੋ ਦਾ ਇਹ ਤੀਜਾ ਚੰਦਰ ਮਿਸ਼ਨ ਹੈ। ਚੰਦਰਯਾਨ ਦੀ ਸੌਫ਼ਟ ਲੈਂਡਿੰਗ ਮਿਸ਼ਨ ਦਾ ਸਭ ਤੋਂ ਚੁਣੌਤੀਪੂਰਨ ਹਿੱਸਾ ਹੈ।
ਚਾਰ ਸਾਲ ਪਹਿਲਾਂ ਚੰਦਰਯਾਨ 2 ਇਸ ਚੁਣੌਤੀ ਨੂੰ ਉਦੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਸੀ, ਜਦੋਂ ਇਸ ਦਾ ਲੈਂਡਰ ‘ਵਿਕਰਮ’ ਨਾਲ ਸੰਪਰਕ ਟੁੱਟ ਗਿਆ ਸੀ। ਚੰਦਰਯਾਨ 3 ਮਿਸ਼ਨ ’ਤੇ ਅਨੁਮਾਨਿਤ 600 ਕਰੋੜ ਦਾ ਖਰਚਾ ਆਇਆ ਹੈ। ਸ੍ਰੀਹਰੀਕੋਟਾ ਵਿੱਚ ਲਾਂਚ ਸਾਈਟ ਨੇੜੇ ਜੁੜੇ ਹਜ਼ਾਰਾਂ ਦਰਸ਼ਕਾਂ ਨੇ ਚੰਦਰਯਾਨ 3 ਦੇ ਆਕਾਸ਼ ਵਿੱਚ ਉਡਾਣ ਭਰਨ ਮਗਰੋਂ ਤਾੜੀਆਂ ਨਾਲ ਜ਼ੋਰਦਾਰ ਸਵਾਗਤ ਕੀਤਾ। ਸੋਲ੍ਹਾਂ ਮਿੰਟਾਂ ਦੀ ਉਡਾਣ ਮਗਰੋਂ ਚੰਦਰਯਾਨ 3 ਰਾਕੇਟ ਨਾਲੋਂ ਵੱਖ ਹੋ ਗਿਆ। ਹੁਣ ਇਹ ਚੰਦਰਮਾ ਦੇ ਪੰਧ ਵੱਲ ਵਧਦਾ ਹੋਇਆ ਧਰਤੀ ਦੁਆਲੇ ਪੰਧ ’ਤੇ ਅੰਡਾਕਾਰ ਚੱਕਰ ਵਿੱਚ ਪੰਜ ਤੋਂ ਛੇ ਗੇੜੇ ਲਾਏਗਾ। ਇਸ ਦੌਰਾਨ ਇਸ ਦੀ ਧਰਤੀ ਤੋਂ ਸਭ ਤੋਂ ਨੇੜਲੀ ਦੂਰੀ 170 ਕਿੱਲੋਮੀਟਰ ਤੇ ਸਭ ਤੋਂ ਵੱਧ ਦੂਰੀ 36,500 ਕਿੱਲੋਮੀਟਰ ਰਹੇਗੀ। ਚੰਦਰਯਾਨ 3 ਦੀ ਸਫ਼ਲ ਉਡਾਣ ਨਾਲ ਖ਼ੁਸ਼ੀ ਵਿੱਚ ਖੀਵੇ ਹੋਏ ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ ਕਿ ਮਿਸ਼ਨ ਕੰਟਰੋਲ ਸੈਂਟਰ (ਐੱਮਸੀਸੀ) ਤੋਂ ਰਾਕੇਟ ਨੇ ਚੰਦਰਯਾਨ 3 ਨੂੰ ਨਿਰਧਾਰਿਤ ਪੰਧ ’ਤੇ ਪਾ ਦਿੱਤਾ ਹੈ।