ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦਿਹਾਂਤ

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ

ਨਵੀਂ ਦਿੱਲੀ, 7 ਅਗਸਤ – ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ 67 ਸਾਲਾ ਸੁਸ਼ਮਾ ਸਵਰਾਜ ਦਾ ਇੱਥੇ ਦੇ ਏਮਜ਼ ਹਸਪਤਾਲ ਵਿਖੇ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਸ੍ਰੀਮਤੀ ਸਵਰਾਜ ਨੇ 2016 ‘ਚ ਕਿਡਨੀ ਟਰਾਂਸਪਲਾਂਟ ਕਰਵਾਇਆ ਸੀ। ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ‘ਚ ਅੰਬਾਲਾ ਕੈਂਟ, ਹਰਿਆਣਾ ਵਿਖੇ ਹੋਇਆ ਸੀ।
ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਬਿੰਦ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਰੋਧੀ ਧਿਰ ਦੇ ਆਗੂਆਂ ਅਤੇ ਹੋਰ ਆਗੂਆਂ ਨੇ ਸੁਸ਼ਮਾ ਸਵਰਾਜ ਦੇ ਦਿਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੇ ਦਿਹਾਂਤ ਉੱਤੇ ਵਿਦੇਸ਼ਾਂ ਤੋਂ ਵੀ ਸੋਗ ਸਮਾਚਾਰ ਆ ਰਹੇ ਹਨ। 
ਉਹ ਵਿਦੇਸ਼ ਮੰਤਰੀ ਰਹਿੰਦੇ ਹੋਏ ਵਿਦੇਸ਼ ਵਿੱਚ ਫਸੇ ਭਾਰਤੀਆਂ ਦੇ ਹਮੇਸ਼ਾ ਸੰਕਟਮੋਚਕ ਬਣ ਕੇ ਸਾਹਮਣੇ ਆਏ। ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੀ ਸਰਗਰਮੀ ਅਤੇ ਸੰਯੁਕਤ ਰਾਸ਼ਟਰ ਵਿੱਚ ਅਨੇਕ ਮੌਕਿਆਂ ਉੱਤੇ ਉਨ੍ਹਾਂ ਨੇ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਿਆ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਦੌਰਾਨ ਨੇਤਾ ਵਿਰੋਧੀ ਪੱਖ ਦੇ ਰੂਪ ਵਿੱਚ ਆਪਣੇ ਧਾਰਦਾਰ ਭਾਸ਼ਣਾਂ ਅਤੇ ਦਖ਼ਲਅੰਦਾਜ਼ੀ ਦੇ ਜ਼ਰੀਏੇ ਭਾਜਪਾ ਹੀ ਨਹੀਂ ਲੋਕਤੰਤਰ ਦੀ ਤੰਦਰੁਸਤ ਪਰੰਪਰਾਵਾਂ ਨੂੰ ਹਮੇਸ਼ਾ ਮਜ਼ਬੂਤ ਕੀਤਾ। ਉਨ੍ਹਾਂ ਨੂੰ ਕਿਸੇ ਪਾਰਟੀ ਦੀ ਪਹਿਲੀ ਮਹਿਲਾ ਬੁਲਾਰੀ, ਪਹਿਲੀ ਜਵਾਨ ਮਹਿਲਾ ਸਾਂਸਦ, ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਪਹਿਲੀ ਮਹਿਲਾ ਵਿਦੇਸ਼ ਮੰਤਰੀ ਹੋਣ ਦਾ ਮਾਣ ਹਾਸਲ ਸੀ।