ਭਾਰਤ ਦੇ ਨਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ

ਨਵੀਂ ਦਿੱਲੀ, 22 ਜੁਲਾਈ – ਦੇਸ਼ ਦੇ 13ਵੇਂ ਰਾਸ਼ਟਰਪਤੀ ਦਾ ਅਹੁਦਾ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੇ ਉਮੀਦਵਾਰ ਤੇ ਕਾਂਗਰਸ ਦੇ ਸੀਨੀਆਰ ਆਗੂ ਪ੍ਰਣਬ ਮੁਖਰਜੀ ਨੇ ਚੋਣ ਜਿੱਤ ਕੇ ਆਪਣੇ ਨਾਂਅ ਕਰ ਲਿਆ ਹੈ। ਪ੍ਰਣਬ ਮੁਖਰਜੀ ਨੇ ਭਾਜਪਾ ਉਮੀਦਵਾਰ ਪੀ. ਏ. ਸੰਗਮਾ ਨੂੰ 19 ਜੁਲਾਈ ਨੂੰ ਪਈਆਂ ਚੋਣਾਂ ‘ਚ ਜਿਹਾ ਕਿ ਪਹਿਲਾਂ ਹੀ ਤਹਿ ਲੱਗ ਰਿਹਾ ਸੀ ਵੱਡੀ ਮਾਤ ਦਿੱਤੀ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਦੇ ਚੀਫ ਜਸਟਿਸ 25 ਜੁਲਾਈ ਨੂੰ ਸਵੇਰੇ 11.30 ਵਜੇ ਅਹੁਦੇ ਦੀ ਸਹੁੰ ਚੁਕਾਉਣਗੇ। ਜ਼ਿਕਰਯੋਗ ਹੈ ਕਿ ਹੈ ਕਿ ਪੱਛਮੀ ਬੰਗਾਲ ਤੋਂ ਦੇਸ਼ ਦੇ ਸਰਵਉੱਚ ਸੰਵਿਧਾਨਕ ਪਦ ‘ਤੇ ਪਹੁੰਚਣ ਵਾਲੇ ਸ੍ਰੀ ਮੁਖਰਜੀ ਪਹਿਲੇ ਵਿਅਕਤੀ ਹਨ। ਗੌਰਤਲਬ ਹੈ ਕਿ ਮੌਜੂਦਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੇ ਅਹੁਦੇ ਦੀ ਮਿਆਦ 24 ਜੁਲਾਈ ਨੂੰ ਖ਼ਤਮ ਹੋ ਰਹੀ ਹੈ। ਉਨ੍ਹਾਂ ਨੇ 25 ਜੁਲਾਈ 2007 ਨੂੰ ਦੇਸ਼ ਦੀ ਪਹਿਲੀ ਮਹਿਲਾ ਦੇ ਤੌਰ ‘ਤੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ।
ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਦੀ ਗਿਣਤੀ ਤੋਂ ਬਾਅਦ ਸਰਕਾਰੀ ਅੰਕੜਿਆਂ ਮੁਤਾਬਿਕ ਕੁੱਲ ਪਈਆਂ 10,29,750 ਇਲੈਕਟ੍ਰੋਲ ਕਾਲਜ ਦੀਆਂ ਵੋਟਾਂ ਵਿਚੋਂ ਮੁਖਰਜੀ ਨੂੰ 7,13,763 ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸ੍ਰੀ ਪੀ. ਏ. ਸੰਗਮਾ ਨੂੰ 3,15,987 ਵੋਟਾਂ ਮਿਲੀਆਂ, ਜਦੋਂ ਕਿ ਚੋਣ ਜਿੱਤਣ ਲਈ ਸ੍ਰੀ ਮੁਖਰਜੀ ਨੂੰ 5,14,875 ਵੋਟਾਂ ਦੀ ਲੋੜ ਸੀ। ਇਸ ਤਰ੍ਹਾਂ ਸ੍ਰੀ ਮੁਖਰਜੀ ਨੂੰ 69.3 ਫੀਸਦੀ ਤੇ ਸ੍ਰੀ ਸੰਗਮਾ ਨੂੰ 30.7 ਫੀਸਦੀ ਵੋਟਾਂ ਪਈਆਂ। 748 ਸੰਸਦ ਮੈਂਬਰਾਂ ਚੋਂ ਸ੍ਰੀ ਮੁਖਰਜੀ ਨੂੰ 527 ਮੈਂਬਰਾਂ ਦੀ ਹਮਾਇਤ ਹਾਸਿਲ ਹੋਈ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਪੀ . ਏ. ਸੰਗਮਾ ਦੇ ਹੱਕ ‘ਚ 206 ਵੋਟਾਂ ਪਈਆਂ। ਕੁਲ 15 ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਹਰੇਕ ਸੰਸਦ ਦੇ ਮੈਂਬਰ ਦੀ ਵੋਟ ਦੀ ਕੀਮਤ 708 ਵੋਟਾਂ ਹਨ। ਸੰਸਦ ਦੇ ਦੋਵਾਂ ਸਦਨਾਂ ਵਿੱਚ 776 ਵੋਟਰ ਹਨ। ਚੋਣ ਮੰਡਲ ਵਿੱਚ ਸੂਬਿਆਂ ਦੇ 4120 ਵਿਧਾਇਕ ਸ਼ਾਮਿਲ ਹਨ। ਕਰਨਾਟਕ ਸੂਬੇ ਵਿੱਚ ਕਰਾਸ ਵੋਟਿੰਗ ਹੋਈ ਜਿਥੇ ਭਾਜਪਾ ਦੀ ਸਰਕਾਰ ਹੈ। 224 ਮੈਂਬਰੀ ਵਿਧਾਨ ਸਭਾ ‘ਚ ਸ੍ਰੀ ਮੁਖਰਜੀ ਨੂੰ 117 ਵੋਟਾਂ ਮਿਲੀਆਂ ਅਤੇ ਸ੍ਰੀ ਸੰਗਮਾ ਕੇਵਲ 103ਵੋਟਾਂ ਹੀ ਪ੍ਰਾਪਤ ਕਰ ਸਕੇ। ਆਂਧਰਾ ਪ੍ਰਦੇਸ਼ ਦੀ 294 ਮੈਂਬਰੀ ਵਿਧਾਨ ਸਭਾ ‘ਚ ਮੁਖਰਜੀ ਨੂੰ 182 ਅਤੇ ਸੰਗਮਾ ਨੂੰ ਤਿੰਨ ਵੋਟਾਂ ਮਿਲੀਆਂ। ਤੇਲਗੂ ਦੇਸਮ ਪਾਰਟੀ ਅਤੇ ਤੇਲੰਗਾਨਾ ਰਾਸ਼ਟਰੀ ਸਮਿਤੀ ਨੇ ਵੋਟਾਂ ‘ਚ ਹਿੱਸਾ ਨਹੀਂ ਲਿਆ। ਪੰਜਾਬ ‘ਚ ਸ੍ਰੀ ਸੰਗਮਾ ਨੂੰ ੭੦ ਤੇ ਸ੍ਰੀ ਮੁਖਰਜੀ ਨੂੰ ੪੪, ਆਸਾਮ ‘ਚ ਸ੍ਰੀ ਮੁਖਰਜੀ ਨੂੰ 110 ਤੇ ਸ੍ਰੀ ਸੰਗਮਾ ਨੂੰ 13 ਵੋਟ ਮਿਲੇ। ਬਿਹਾਰ ਵਿੱਚ ਪਈਆਂ 240 ਵੋਟਾਂ ਚੋਂ ਯੂ. ਪੀ. ਏ. ਦੇ ਉਮੀਦਵਾਰਾਂ ਨੂੰ 146 ਵੋਟ ਮਿਲੇ ਜਦੋਂ ਕਿ ਸ੍ਰੀ ਸੰਗਮਾ ਨੂੰ 90 ਵੋਟ ਮਿਲੇ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ‘ਚ ਸ੍ਰੀ ਮੁਖਰਜੀ ਨੂੰ 53 ਅਤੇ ਸ੍ਰੀ ਸੰਗਮਾ ਨੂੰ 29, ਗੁਜਰਾਤ ਦੀ 182 ਮੈਂਬਰੀ ਵਿਧਾਨ ਸਭਾ ‘ਚ ਸ੍ਰੀ ਮੁਖਰਜੀ ਨੂੰ 59 ਤੇ ਸ੍ਰੀ ਸੰਗਮਾ ਨੂੰ 123 ਵੋਟ ਮਿਲੇ। ਭਾਜਪਾ ਸ਼ਾਸਤ ਰਾਜ ਛੱਤੀਸਗੜ੍ਹ ਜਿਸ ਦੀ ਵਿਧਾਨ ਸਭਾ ਦੇ 90 ਮੈਂਬਰ ਹਨ ਵਿੱਚ ਸ੍ਰੀ ਮੁਖਰਜੀ ਨੂੰ 39 ਅਤੇ ਸ੍ਰੀ ਸੰਗਮਾ ਨੂੰ 50 ਅਤੇ 40 ਮੈਂਬਰੀ ਗੋਆ ਵਿਧਾਨ ਸਭਾ ‘ਚ ਸ੍ਰੀ ਮੁਖਰਜੀ ਨੂੰ 9 ਅਤੇ ਸ੍ਰੀ ਸੰਗਮਾ ਨੂੰ 31 ਵੋਟ ਮਿਲੇ। 69 ਮੈਂਬਰੀ ਹਿਮਾਚਲ ਵਿਧਾਨ ਸਭਾ ‘ਚ ਸ੍ਰੀ ਮੁਖਰਜੀ ਨੂੰ 23 ਅਤੇ ਸ੍ਰੀ ਸੰਗਮਾ ਨੂੰ 44, ਜੰਮੂ ਤੇ ਕਸ਼ਮੀਰ ‘ਚ ਸ੍ਰੀ ਮੁਖਰਜੀ ਨੂੰ 68 ਤੇ ਸ੍ਰੀ ਸੰਗਮਾ ਨੂੰ 15 ਵੋਟ ਮਿਲੇ। ਸੂਬਾ ਵਿਧਾਨ ਸਭਾ ਦੇ 87 ਮੈਂਬਰ ਹਨ। 81 ਮੈਂਬਰੀ ਝਾਰਖੰਡ ਵਿਧਾਨ ਸਭਾ ‘ਚ ਸ੍ਰੀ ਮੁਖਰਜੀ ਨੂੰ 60 ਅਤੇ ਸ੍ਰੀ ਸੰਗਮਾ ਨੂੰ 20, ਕੇਰਲਾ ਵਿੱਚ ਸ੍ਰੀ ਮੁਖਰਜੀ ਨੂੰ ਸਾਰੇ 124 ਵੋਟ ਮਿਲੇ ਜਦੋਂ ਕਿ ਇਕ ਵੋਟ ਰੱਦ ਕਰਾਰ ਦਿੱਤੀ ਗਈ। ਸੂਬੇ ਦੀ 140 ਮੈਂਬਰੀ ਵਿਧਾਨ ਸਭਾ ਦੇ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਵੋਟਾਂ ‘ਚ ਹਿੱਸਾ ਨਹੀਂ ਲਿਆ। 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਂ ਸ੍ਰੀ ਮੁਖਰਜੀ ਨੂੰ 73 ਅਤੇ ਸ੍ਰੀ ਸੰਗਮਾ ਨੂੰ 156 ਵੋਟ ਮਿਲੇ। ਮਹਾਰਾਸ਼ਟਰ ‘ਚ ਸ੍ਰੀ ਮੁਖਰਜੀ ਨੂੰ 225 ਅਤੇ ਸ੍ਰੀ ਸੰਗਮਾ ਨੂੰ 47, ਮਨੀਪੁਰ ਵਿੱਚ ਸ੍ਰੀ ਮੁਖਰਜੀ ਨੂੰ 58 ਅਤੇ ਸ੍ਰੀ ਸੰਗਮਾ ਨੂੰ 18, ਆਪਣੇ ਜੱਦੀ ਸੂਬੇ ਮੇਘਾਲਿਆ ‘ਚ ਸ੍ਰੀ ਸੰਗਮਾ ਨੂੰ 23 ਅਤੇ ਸ੍ਰੀ ਮੁਖਰਜੀ ਨੂੰ 34, ਮਿਜ਼ੋਰਮ ‘ਚ ਸ੍ਰੀ ਮੁਖਰਜੀ ਨੂੰ 32 ਅਤੇ ਸ੍ਰੀ ਸੰਗਮਾ ਨੂੰ 7, ਨਾਗਾਲੈਂਡ ‘ਚ ਸ੍ਰੀ ਮੁਖਰਜੀ ਨੂੰ ਸਾਰੀਆਂ 58 ਵੋਟਾਂ ਮਿਲੀਆਂ ਜਦੋਂ ਕਿ ਸ੍ਰੀ ਸੰਗਮਾ ਨੂੰ ਕੋਈ ਵੋਟ ਨਹੀਂ ਮਿਲੀ। ਦੋ ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਓੜੀਸਾ ‘ਚ ਸੰਗਮਾ ਨੂੰ 115 ਤੇ ਸ੍ਰੀ ਮੁਖਰਜੀ ਨੂੰ 26, ਰਾਜਸਥਾਨ ‘ਚ ਸ੍ਰੀ ਮੁਖਰਜੀ ਨੂੰ 113 ਅਤੇ ਸ੍ਰੀ ਸੰਗਮਾ ਨੂੰ 85 ਅਤੇ ਸਿੱਕਮ ਵਿੱਚ ਸ੍ਰੀ ਮੁਖਰਜੀ ਨੂੰ 28 ਅਤੇ ਸ੍ਰੀ ਸੰਗਮਾ ਨੂੰ ਇਕ ਵੋਟ ਮਿਲੀ। ਇਸ ਵਾਰ ਵੋਟਾਂ ਆਸ ਨਾਲੋਂ ਘੱਟ ਕੇਵਲ 72 ਫੀਸਦੀ ਪਈਆਂ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੀ ਵੋਟ ਰੱਦ ਕਰਾਰ ਦਿੱਤੀ ਗਈ। ਇਥੇ ਇਹ ਵਰਨਣਯੋਗ ਹੈ ਕਿ ਸ੍ਰੀ ਮੁਖਰਜੀ ਅਤੇ ਸ੍ਰੀ ਸੰਗਮਾ ਵਿਚਕਾਰ ਰਾਸ਼ਟਰਪਤੀ ਦੀ ਚੋਣ ਦੇ ਮੁਕਾਬਲੇ ਨੂੰ 14ਵਾਂ ਰਾਸ਼ਟਰਪਤੀ ਚੋਣ ਮੁਕਾਬਲਾ ਇਸ ਲਈ ਕਿਹਾ ਗਿਆ ਹੈ, ਕਿਉਂਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਲਗਾਤਾਰ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ ‘ਤੇ ਬੈਠੇ ਸਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੀ ਚੋਣ ਲਈ 2 ਮਈ, 1952 ਨੂੰ ਮਤਦਾਨ ਹੋਇਆ ਸੀ ਤੇ ਵੋਟਾਂ ਦੀ ਗਿਣਤੀ 6 ਮਈ, 1952 ਨੂੰ ਹੋਈ ਸੀ। ਡਾ. ਰਾਜਿੰਦਰ ਪ੍ਰਸਾਦ ਨੇ 13 ਮਈ, 1952 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵਜੋਂ ਕੰਮਕਾਜ ਸੰਭਾਲਿਆ ਸੀ।  ਡਾ. ਰਾਜਿੰਦਰ ਪ੍ਰਸਾਦ 1957 ਵਿੱਚ ਹੋਈ ਦੂਜੇ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਜੇਤੂ ਰਹੇ।