ਉਲੰਪਿਕ ਖੇਡ ਪਿੰਡ ‘ਚ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਗਿਆ

ਲੰਡਨ – ਉਲੰਪਿਕ ਖੇਡ ਪਿੰਡ ਦੇ ਮੇਅਰ ਚਾਰਲਸ ਏਲੇਨ ਦੀ ਪ੍ਰਧਾਨਗੀ ਹੇਠ 22 ਜੁਲਾਈ ਦਿਨ ਐਤਵਾਰ ਨੂੰ ਹੋਏ ਸਮਾਗਮ ਦੌਰਾਨ ਭਾਰਤੀ ਖਿਡਾਰੀਆਂ ਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਭਾਰਤੀ ਤਿਰੰਗਾ ਝੰਡਾ ਲਹਿਰਾ ਦਿੱਤਾ ਗਿਆ।
ਖੇਡ ਪਿੰਡ ਦੇ ਮੇਅਰ ਚਾਰਲਸ ਏਲੇਨ ਨੇ ਭਾਰਤ ਮਿਸ਼ਨ ਦੇ ਉਪ ਮੁਖੀ ਬ੍ਰਿਗੇਡੀਅਰ ਪੀ. ਕੇ. ਮੁਰਲੀਧਰਨ ਰਾਜਾ, ਖਿਡਾਰੀਆਂ ਤੇ ਅਧਿਕਾਰੀਆਂ ਦਾ ਖੇਡ ਵਿੱਚ ਹਿੱਸਾ ਬਣਨ ਲਈ ਸਵਾਗਤ ਕੀਤਾ। ਸਮਾਰੋਹ ਵਿੱਚ ਤਿੰਰਗਾ ਲਹਿਰਾਉਂਦਿਆਂ ਹੀ ਰਾਸ਼ਟਰੀ ਧੁਨ ਵੱਜ ਰਹੀ ਸੀ। ਹਾਜ਼ਰ ਭਾਰਤੀ ਖਿਡਾਰੀਆਂ ਵਿੱਚ ਟੈਨਿਸ ਖਿਡਾਰੀ ਮਹੇਸ਼ ਭੂਪਤੀ ਤੇ ਰੋਹਨ ਬੋਪੰਨਾ ਅਤੇ ਭਾਰਤੀ ਹਾਕੀ ਟੀਮ ਦੇ ਕੁਝ ਮੈਂਬਰ ਵੀ ਸ਼ਾਮਲ ਸਨ।
ਬ੍ਰਿਗੇਡੀਅਰ ਰਾਜਾ ਨੇ ਚਾਰਲਸ ਏਲੇਨ ਨਾਲ ਯਾਦਗਾਰੀ ਚਿੰਨ੍ਹਾਂ ਦਾ ਆਦਾਨ-ਪ੍ਰਦਾਨ ਕੀਤਾ ਤੇ ਸ਼ਾਂਤੀ ਤੇ ਓਲੰਪਿਕ ਅੰਦੋਲਨ ਦੀਆਂ ਭਾਵਨਾਵਾਂ ਨੂੰ ਬਣਾਈ ਰੱਖਣ ਲਈ ਭਾਰਤ ਦੀ ਪ੍ਰਤੀਬੱਧਤਾ ਪੇਸ਼ ਕੀਤੀ। ਪਿਛਲੇ ਕਈ ਸਾਲਾਂ ਵਿੱਚ ਸੰਭਾਵਿਤ ਇਹ ਪਹਿਲਾ ਮੌਕਾ ਹੈ ਜਦੋਂ ਖੇਡ ਆਯੋਜਕਾਂ ਨੇ ਇੰਨਾ ਸ਼ਾਨਦਾਰ ਸਵਾਗਤ ਸਮਾਰੋਹ ਆਯੋਜਿਤ ਕੀਤਾ ਹੈ। ਲੰਡਨ ਉਲੰਪਿਕ ਵਿੱਚ ਹਿੱਸਾ ਲੈ ਰਹੇ ਭਾਰਤ ਦੇ 81 ਖਿਡਾਰੀ ਤੇ 51 ਅਧਿਕਾਰੀਆਂ ਨੂੰ ਖੇਡ ਪਿੰਡ ਵਿੱਚ ‘ਟਾਈਟਨ’ ਨਾਂ ਦੀ ਸੀਸਾਈਡ ਬਿਲਡਿੰਗ ਐੱਸ. ਵਨ ਵਿੱਚ ਠਹਿਰਾਇਆ ਗਿਆ ਹੈ। ਆਯੋਜਕਾਂ ਨੇ ਹਰ ਦੇਸ਼ ਦੀ ਟੀਮ ਲਈ ਵਾਲਟੀਅੰਰਾਂ ਦੀ ਵਿਵਸਥਾ ਕੀਤੀ ਹੈ ਤੇ ਭਾਰਤੀ ਦਲ ਲਈ ਸੱਤ ਵਾਲੰਟੀਅਰਾਂ ਦਾ ਇੰਤਜ਼ਾਮ ਕੀਤਾ ਹੈ। ਇਹ ਸਾਰੇ ਭਾਰਤੀ ਮੂਲ ਦੇ ਹਨ, ਜਿਹੜੇ ਬ੍ਰਿਟੇਨ ਵਿੱਚ ਕੰਮ ਕਰਦੇ ਹਨ।