ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ

ਨਵੀਂ ਦਿੱਲੀ, 1 ਸਤੰਬਰ – ਇੱਥੇ 31 ਅਗਸਤ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਭਾਰਤ ਰਤਨ ਨਾਲ ਸਨਮਾਨਿਤ ਸ੍ਰੀ ਪ੍ਰਣਬ ਮੁਖਰਜੀ ਦਾ ਦਿੱਲੀ ਛਾਉਣੀ ਦੇ ਫ਼ੌਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਸ੍ਰੀ ਮੁਖਰਜੀ 84 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਇੱਕ ਟਵੀਟ ਰਾਹੀ ਦਿੱਤੀ। ਲੰਮੇ ਸਮੇਂ ਤੱਕ ਕਾਂਗਰਸੀ ਆਗੂ ਰਹੇ ਸ੍ਰੀ ਮੁਖਰਜੀ 7 ਵਾਰ ਸਾਂਸਦ ਰਹੇ। ਸ੍ਰੀ ਮੁਖਰਜੀ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਇੱਕ ਧੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ ‘ਤੇ 31 ਅਗਸਤ ਤੋਂ ਲੈ ਕੇ 6 ਸਤੰਬਰ ਤੱਕ ਰਾਸ਼ਟਰੀ ਸੋਗ ਰਹੇਗਾ ਤੇ ਦੇਸ਼ ਭਰ ਵਿੱਚ ਕੌਮੀ ਝੰਡੇ ਝੁਕੇ ਰਹਿਣਗੇ।
ਸ੍ਰੀ ਮੁਖਰਜੀ ਇੱਥੇ ਫ਼ੌਜ ਦੇ ਰਿਸਰਚ ਤੇ ਰੈਫਰਲ ਹਸਪਤਾਲ ਵਿੱਚ 10 ਅਗਸਤ ਤੋਂ ਦਾਖ਼ਲ ਸਨ। ਸ੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ। ਸ੍ਰੀ ਮੁਖਰਜੀ ਨੂੰ ਦਿਮਾਗ਼ ਵਿੱਚ ਖ਼ੂਨ ਦੇ ਥੱਕੇ ਦੇ ਆਪ੍ਰੇਸ਼ਨ ਲਈ ਲਿਆਂਦਾ ਗਿਆ ਸੀ, ਪਰ ਅਪਰੇਸ਼ਨ ਦੌਰਾਨ ਟੈੱਸਟਾਂ ਮੌਕੇ ਉਹ ਕੋਰੋਨਾਵਾਇਰਸ ਲਈ ਪਾਜ਼ੇਟਿਵ ਨਿਕਲ ਆਏ। ਆਪ੍ਰੇਸ਼ਨ ਮਗਰੋਂ ਉਹ ਲਗਾਤਾਰ ਕੋਮਾ ਵਿੱਚ ਸਨ। ਇਸ ਦੌਰਾਨ ਗੁਰਦਿਆਂ ਦੀ ਲਾਗ ਵਧਣ ਕਰਕੇ ਉਨ੍ਹਾਂ ਨੂੰ ਸੈਪਟਿਕ ਸ਼ਾਕ ਲੱਗਾ। ਇਹ ਇਕ ਅਜਿਹੀ ਗੰਭੀਰ ਮੈਡੀਕਲ ਸਥਿਤੀ ਹੈ, ਜਿਸ ਵਿੱਚ ਖ਼ੂਨ ਦਾ ਦਬਾਅ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਸਰੀਰ ਦੇ ਅੰਗਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ।
ਸ੍ਰੀ ਪ੍ਰਣਬ ਮੁਖਰਜੀ ਪੰਜ ਦਹਾਕਿਆਂ ਤੱਕ ਕੇਂਦਰ ਦੀ ਸਿਆਸਤ ਵਿੱਚ ਸਰਗਰਮ ਰਹਿਣ ਮਗਰੋਂ 2012 ਤੋਂ 2017 ਦੇ ਅਰਸੇ ਦੌਰਾਨ ਦੇਸ਼ ਦੇ 13ਵੇਂ ਰਾਸ਼ਟਰਪਤੀ ਰਹੇ। ਇਸ ਤੋਂ ਪਹਿਲਾਂ ਉਹ ਯੂਪੀਏ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਵਿੱਤ ਮੰਤਰੀ, ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦੇ ਅਹੁਦੇ ‘ਤੇ ਵੀ ਰਹੇ। ਪ੍ਰਣਬ ਮੁਖਰਜੀ ਨੂੰ ਸਾਲ 2008 ਵਿੱਚ ਪਦਮ ਵਿਭੂਸ਼ਣ ਤੇ ਸਾਲ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸਮੇਂ ਦੇਸ਼ ਦੇ ਸਰਵੋਤਮ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਸ੍ਰੀ ਪ੍ਰਣਬ ਮੁਖਰਜੀ ਸਾਲ 1982 ਵਿੱਚ ਭਾਰਤ ਦੇ ਸਭ ਤੋਂ ਜਵਾਨ ਵਿੱਤ ਮੰਤਰੀ ਬਣੇ। ਤਦ ਉਹ 47 ਸਾਲ ਦੇ ਸਨ। ਅੱਗੇ ਚੱਲਕੇ ਉਨ੍ਹਾਂ ਨੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਅਤੇ ਵਿੱਤ ਅਤੇ ਵਾਣਿਜ ਮੰਤਰੀ ਦੇ ਰੂਪ ਵਿੱਚ ਵੀ ਆਪਣੀ ਸੇਵਾਵਾਂ ਦਿੱਤੀ। ਉਹ ਭਾਰਤ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ ਜੋ ਇੰਨੇ ਅਹੁਦਿਆਂ ਨੂੰ ਸੋਭਨੀਕ ਕਰਦੇ ਹੋਏ ਇਸ ਸਿਖਰ ਸੰਵਿਧਾਨਕ ਅਹੁਦੇ ਉੱਤੇ ਪੁੱਜੇ। ਮੁਖਰਜੀ ਭਾਰਤ ਦੇ ਇਕਲੌਤੇ ਅਜਿਹੇ ਨੇਤਾ ਸਨ ਜੋ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਉੱਤੇ ਨਹੀਂ ਰਹਿੰਦੇ ਹੋਏ ਵੀ 8 ਸਾਲਾਂ ਤੱਕ ਲੋਕ ਸਭਾ ਦੇ ਨੇਤਾ ਰਹੇ। ਉਹ 1980 ਤੋਂ 1985 ਦੇ ਵਿੱਚ ਰਾਜ ਸਭਾ ਵਿੱਚ ਵੀ ਕਾਂਗਰਸ ਪਾਰਟੀ ਦੇ ਨੇਤਾ ਰਹੇ।
ਸ੍ਰੀ ਪ੍ਰਣਬ ਮੁਖਰਜੀ 5 ਸਾਲ ਰਾਸ਼ਟਰਪਤੀ ਭਵਨ ਵਿੱਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਬਦਲਾਓ ਕੀਤੇ। ਉਹ ਅਜਿਹੇ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਤਰਸ ਯਾਚਿਕਾਵਾਂ ਖ਼ਾਰਜ ਕੀਤੀਆਂ। ਉਨ੍ਹਾਂ ਦੇ ਸਮਾਂ ਵਿੱਚ ਕੁਲ 5 ਤਰਸ ਯਾਚਿਕਾਵਾਂ ਮਨਜ਼ੂਰ ਹੋਈਆਂ, ਜਦੋਂ ਕਿ 30 ਖ਼ਾਰਜ ਕੀਤੀਆਂ ਗਈਆਂ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਭਵਨ ਦੋਨਾਂ ਨੂੰ ਵੀਆਈਪੀ ਦਾਇਰੇ ‘ਚੋਂ ਕੱਢਿਆ। ਰਾਸ਼ਟਰਪਤੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਹਾਂਮਹਿਮ ਸ਼ਬਦ ਨੂੰ ਬੰਦ ਕਰਾਇਆ। ਰਾਸ਼ਟਰਪਤੀ ਭਵਨ ਨੂੰ ਆਮ ਲੋਕਾਂ ਲਈ ਖੋਲ੍ਹਣ ਦੀ ਪਹਿਲ ਕੀਤੀ।
ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਗੱਠਜੋੜ ਸਰਕਾਰ, ਯੂਪੀਏ ਵਿੱਚ ਉਨ੍ਹਾਂ ਦਾ ਕੱਦ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਸੀ। ਪਾਰਟੀ ਅਤੇ ਸਰਕਾਰ ਦੇ ਵਿੱਚ ਪੁਲ ਦਾ ਕੰਮ ਉਹੀ ਕਰਦੇ ਸਨ। ਚਾਹੇ ਯੂਪੀਏ 1 ਦੇ ਦੌਰਾਨ ਵਿਸ਼ਵਾਸ ਮਤ ਲੈਣ ਦਾ ਮਸਲਾ ਹੋਵੇ ਜਾਂ 2011 ਵਿੱਚ ਅੰਨਾ ਹਜ਼ਾਰੇ ਮੂਵਮੈਂਟ ਤੋਂ ਨਿੱਬੜਨਾ ਦਾ ਰਿਹਾ ਹੋਵੇ, ਪ੍ਰਣਬ ਹੀ ਸਰਕਾਰ-ਪਾਰਟੀ ਨੂੰ ਗਾਈਡ ਕਰਦੇ ਰਹੇ।
ਸ੍ਰੀ ਪ੍ਰਣਬ ਮੁਖਰਜੀ ਦਾ ਸਿਆਸੀ ਸਫ਼ਰ ਕੁੱਝ ਇੰਜ ਰਿਹਾ:

ਦੇਸ਼ ਦੇ 13ਵੇਂ ਰਾਸ਼ਟਰਪਤੀ ਰਹੇ ਸ੍ਰੀ ਪ੍ਰਣਬ ਮੁਖਰਜੀ ਦਾ ਜਨਮ 11 ਦਸੰਬਰ 1935 ਨੂੰ ਪੱਛਮ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਹੋਇਆ ਸੀ।

ਐਮਏ, ਐਲਐਲਬੀ ਦੇ ਬਾਅਦ ਪ੍ਰਣਬ ਦਾ ਨੇ ਟੀਚਰ ਅਤੇ ਸੰਪਾਦਕ ਦੇ ਰੂਪ ਵਿੱਚ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਰਾਜਨੀਤੀ ਭਾ ਗਈ।

ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਨ੍ਹਾਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਕਈ ਦਿੱਗਜਾਂ ਦਾ ਪੱਤਾ ਕੱਟ 1969 ਵਿੱਚ ਰਾਜ ਸਭਾ ਦਾ ਸਾਂਸਦ ਬਣਾ ਦਿੱਤਾ।

1982 ਤੋਂ 1984 ਤੱਕ ਵਿੱਤ ਮੰਤਰੀ ਰਹੇ। ਉਨ੍ਹਾਂ ਨੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ, ਲੋਕ ਸਭਾ ਨੇਤਾ, ਰਾਜ ਸਭਾ ਨੇਤਾ ਵਰਗੇ ਅਹੁਦੇ ਸੰਭਾਲੇ।

ਲੋਕ ਸਭਾ ਸੰਸਦ ਬਣਨਾ ਉਨ੍ਹਾਂ ਦੇ ਲਈ ਸੁਫ਼ਨੇ ਵਰਗਾ ਰਿਹਾ। ਇਹ ਸੁਫ਼ਨਾ 2004 ਵਿੱਚ ਪੂਰਾ ਹੋਇਆ ਜਦੋਂ ਉਹ ਪਹਿਲੀ ਵਾਰ ਚੋਣ ਜਿੱਤੇ।

ਪ੍ਰਣਬ ਮੁਖਰਜੀ ਨੂੰ ਸਾਲ 2008 ਵਿੱਚ ਪਦਮ ਵਿਭੂਸ਼ਣ ਤੇ ਸਾਲ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸਮੇਂ ਦੇਸ਼ ਦੇ ਸਰਵੋਤਮ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ।