ਭਾਰਤ ਦੇ 72ਵੇਂ ਗਣਤੰਤਰ ਦਿਵਸ ਮੌਕੇ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਝੰਡਾ ਲਹਿਰਾਇਆ

ਆਕਲੈਂਡ, 26 ਜਨਵਰੀ – ਅੱਜ ਭਾਰਤ ਦਾ 72ਵਾਂ ਗਣਤੰਤਰ ਦਿਵਸ ਹੈ ਅਤੇ ਇੱਥੇ ਭਾਰਤ ਦੇ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ (ਭਾਵ ਢਿੱਲੋਂ) ਨੇ ਆਪਣੇ ਨਿਵਾਸ ਸਥਾਨ ਵਿਖੇ ਪਤਵੰਤੇ ਸਜਣਾ ਦੀ ਹਾਜ਼ਰੀ ਵਿੱਚ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਸਮਾਗਮ ਮਨਾਉਣ ਦੀ ਆਰੰਭਤਾ ਕੀਤੀ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ‘ਜਨ ਗਣ ਮਨ…’ ਗਾਇਣ ਕਰਨ ਦੇ ਨਾਲ ਭਾਰਤ ਮਾਤਾ ਕੀ ਜੈ, ਵੰਦੇ-ਮਾਤਰਮ ਦੇ ਨਾਅਰੇ ਵੀ ਲਗਾਏ। ਇਸ ਮੌਕੇ ਸ. ਸੁਰਜੀਤ ਸਿੰਘ ਸਚਦੇਵਾ ਨੇ ਭਗਤੀ ਗੀਤ ਗਾਇਆ। ਆਨਰੇਰੀ ਕੌਸ਼ਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਗੌਰਵਮਈ ਇਤਿਹਾਸ ਦੀ ਗੱਲ ਕੀਤੀ ਅਤੇ ਅੱਜ ਦੇ ਭਾਰਤ ਦੀ ਬਾਤ ਵੀ ਪਾਈ ਕਿ ਕਿਵੇਂ ਅੱਜ ਕੋਰੋਨਾ ਵਰਗੀ ਮਹਾਂਮਾਰੀ ਵਿੱਚ ਭਾਰਤ ਨੇ ਵੈਕਸੀਨ ਬਣਾ ਕੇ ਆਪਣੇ ਹੀ ਦੇਸ਼ਵਾਸੀਆਂ ਨੂੰ ਕੋਰੋਨਾ ਦੇ ਟਾਕਰੇ ਲਈ ਖੜ੍ਹਾ ਕਰਨ ਦੇ ਨਾਲ ਗੁਆਂਢੀ ਤੇ ਹੋਰ ਦੇਸ਼ਾਂ ਨੂੰ ਭਾਰਤ ਵਿੱਚ ਬਣੀ ਵੈਕਸੀਨ ਮੁਹੱਈਆ ਕਰਵਾਈ ਜਾ ਰਹੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਨਿਊਜ਼ੀਲੈਂਡ ਰਹਿੰਦੇ ਭਾਰਤੀ ਭਾਈਚਾਰੇ ਨੂੰ ਆਪਣੇ ਦੇਸ਼ ਪ੍ਰਤੀ ਪਿਆਰ ਕਾਇਮ ਰੱਖਣ ਦੀ ਲੋੜ ਹੈ, ਕਿਉਂਕਿ ਨਿਊਜ਼ੀਲੈਂਡ ਦੇ ਨਾਲ-ਨਾਲ ਭਾਰਤ ਵੀ ਸਾਡਾ ਦੇਸ਼ ਹੈ, ਜਿੱਥੇ ਸਾਡੀਆਂ ਜੜ੍ਹਾਂ ਹਨ। ਉਨ੍ਹਾਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸ੍ਰੀ ਰੌਸ਼ਨ ਨੌਹਰੀਆ ਨੇ ਵੀ ਆਪਣੇ ਵਿਚਾਰ ਰੱਖੇ।