ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ

ਸਾਊਥਹੈਂਟਨ, 6 ਜੂਨ – ਇੱਥੇ ਭਾਰਤੀ ਲੇਗ ਸਪਿਨਰ ਯੁਜਵੇਂਦਰ ਚਹਿਲ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ ਰੋਹਿਤ ਸ਼ਰਮਾ ਦੀਆਂ ਕੁੱਝ ਔਖੇ ਹਾਲਤਾਂ ਤੋਂ ਲੰਘਣ ਦੇ ਬਾਅਦ ਖੇਡੀ ਗਈ ਨਾਬਾਦ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ 5 ਜੂਨ ਦਿਨ ਬੁੱਧਵਾਰ ਨੂੰ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਵਰਲਡ ਕੱਪ ‘ਚ ਆਪਣਾ ਸ਼ਾਨਦਾਰ ਆਗਾਜ਼ ਕੀਤਾ। ਭਾਰਤ ਦੇ ਰੋਹਿਤ ਸ਼ਰਮਾ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।
ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਉੱਤੇ 227 ਦੌੜਾਂ ਬਣਾਈਆਂ, ਜਿਸ ਵਿੱਚ ਕ੍ਰਿਸ ਮੌਰਿਸ ਦੀਆਂ 42 ਸਭ ਤੋਂ ਵੱਧ ਦੌੜਾਂ ਸਨ। ਜਦੋਂ ਕਿ ਕਪਤਾਨ ਫਾਫ ਡੁਪਲੇਸਿਸ ਨੇ 38, ਡੇਵਿਡ ਮਿਲਰ ਨੇ 31 ਅਤੇ ਐਂਡਿਲੇ ਫੇਲੁਕਵਾਅਨ ਨੇ 34 ਦੌੜਾਂ ਦੀ ਪਾਰੀ ਖੇਡੀ। ਮੌਰਿਸ ਅਤੇ ਕਾਗਿਸੋ ਰਬਾਡਾ (ਨਾਬਾਦ 31) ਨੇ ਸਭ ਤੋਂ ਵੱਡੀ ਸਾਂਝੇਦਾਰੀ ਕਰਦੇ ਹੋਏ 8ਵੀਂ ਵਿਕਟ ਲਈ 66 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਵੱਲੋਂ ਯੁਜਵੇਂਦਰ ਚਹਿਲ ਨੇ 51 ਦੌੜਾਂ ਦੇ ਕੇ 4 ਵਿਕਟਾਂ, ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ 2-2 ਅਤੇ ਕੁਲਦੀਪ ਯਾਦਵ ਨੇ 1 ਵਿਕਟ ਲਿਆ।
ਦੱਖਣੀ ਅਫ਼ਰੀਕਾ ਵੱਲੋਂ ਦਿੱਤੇ 228 ਦੌੜਾਂ ਦੇ ਟੀਚੇ ਨੂੰ ਭਾਰਤੀ ਬੱਲੇਬਾਜ਼ਾਂ ਨੇ 47.3 ਓਵਰ ‘ਚ 4 ਵਿਕਟਾਂ ਉੱਤੇ 230 ਦੌੜਾਂ ਬਣਾ ਕੇ ਸਰ ਕਰ ਲਿਆ ਅਤੇ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਭਾਰਤ ਨੇ ਮੈਚ ‘ਚ ਜ਼ਿਆਦਾਤਰ ਸਮਾਂ ਦਬਦਬਾ ਬਣਾਈ ਰੱਖਿਆ। ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਸ਼ੁਰੂ ਵਿੱਚ ਸੰਘਰਸ਼ ਕਰਨਾ ਪਿਆ ਪਰ ਅਖੀਰ ਵਿੱਚ ਉਹ 122 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ 144 ਗੇਂਦਾਂ ਖੇਡੀ ਅਤੇ ਜਿਸ ‘ਚ 13 ਚੌਕੇ ਅਤੇ 2 ਛੱਕੇ ਲਗਾਏ। ਉਨ੍ਹਾਂ  ਦੇ ਅਲਾਵਾ ਮਹਿੰਦਰ ਸਿੰਘ ਧੋਨੀ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋਵਾਂ ਨੇ ਚੌਥੇ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਤੋਂ ਇਲਾਵਾ ਭਾਰਤ ਦੀ ਜਿੱਤ ‘ਚ ਲੋਕੇਸ਼ ਰਾਹੁਲ ਨੇ 26, ਕਪਤਾਨ ਵਿਰਾਟ ਕੋਹਲੀ ਨੇ 18, ਹਾਰਦਿਕ ਪਾਂਡਿਆ 15 ਅਤੇ ਸ਼ਿਖਰ ਧਵਨ ਨੇ 8 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫ਼ਰੀਕੀ ਗੇਂਦਬਾਜ਼ਾਂ ‘ਚ ਰਵਾਡਾ ਨੇ 2 ਅਤੇ ਕ੍ਰਿਸ ਮੌਰਿਸ ਤੇ ਐਂਡਿਲੇ ਫੇਲੁਕਵਾਅਨ ਨੇ 1-1 ਵਿਕਟ ਲਿਆ।  
ਦੱਖਣੀ ਅਫ਼ਰੀਕੀ ਗੇਂਦਬਾਜ਼ਾਂ ਨੇ ਵੀ ਸ਼ੁਰੂ ਵਿੱਚ ਮੌਕੇ ਬਣਾਏ ਪਰ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਸੀ। ਦੱਖਣੀ ਅਫ਼ਰੀਕਾ ਦੀ ਇਹ ਲਗਾਤਾਰ ਤੀਜੀ ਹਾਰ ਹੈ ਜਿਸ ਦੇ ਨਾਲ ਉਸ ਦਾ ਵਰਲਡ ਕੱਪ ‘ਚ ਅੱਗੇ ਦਾ ਰਸਤਾ ਔਖਾ ਹੋ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਮੇਜ਼ਬਾਨ ਇੰਗਲੈਂਡ ਅਤੇ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।